ਸਰਕਾਰ ਨੇ ਰਿਜ਼ਰਵ ਬੈਂਕ ਤੋਂ ਮੰਗੀ 13,000 ਕਰੋੜ ਰੁਪਏ ਦਾ ਬਕਾਇਆ

11/19/2017 10:44:05 PM

ਨਵੀਂ ਦਿੱਲੀ(ਭਾਸ਼ਾ)-ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ ਤੋਂ ਕਿਸੇ ਵੀ ਤਰ੍ਹਾਂ ਦੇ ਵਾਧੂ ਲਾਭ ਅੰਸ਼ ਦੀ ਮੰਗ ਨਹੀਂ ਕੀਤੀ ਹੈ। ਉਹ ਸਿਰਫ ਉਸਦੇ ਕੋਲ ਪਈ 13,000 ਕਰੋੜ ਰੁਪਏ ਦੇ ਬਕਾਏ ਦੀ ਮੰਗ ਕਰ ਰਹੀ ਹੈ। ਇਹ ਜਾਣਕਾਰੀ ਆਰਥਿਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਦਿੱਤੀ। ਰਿਜ਼ਰਵ ਬੈਂਕ ਨੇ ਆਪਣੇ ਵਿੱਤੀ ਸਾਲ ਜੁਲਾਈ-ਜੂਨ, 2016-17 ਲਈ ਅਗਸਤ 'ਚ ਸਰਕਾਰ ਨੂੰ 30,659 ਕਰੋੜ ਰੁਪਏ ਦਾ ਲਾਭ ਅੰਸ਼ ਦਿੱਤਾ ਸੀ। ਇਹ ਉਸ ਦੇ ਪਿਛਲੇ ਵਿੱਤੀ ਸਾਲ 2015-16 'ਚ ਦਿੱਤੇ ਗਏ 65,876 ਕਰੋੜ ਰੁਪਏ ਦੇ ਲਾਭ ਅੰਸ਼ ਦੇ ਅੱਧੇ ਤੋਂ ਵੀ ਘੱਟ ਹੈ। ਸਰਕਾਰ ਨੇ ਚਾਲੂ ਵਿੱਤੀ ਸਾਲ ਅਪ੍ਰੈਲ-ਮਾਰਚ, 2017-18 ਦੇ ਬਜਟ 'ਚ ਰਿਜ਼ਰਵ ਬੈਂਕ ਤੋਂ ਮਿਲਣ ਵਾਲੇ ਲਾਭ ਅੰਸ਼ ਦੀ ਵਿਵਸਥਾ 58,000 ਕਰੋੜ ਰੁਪਏ ਕੀਤੀ ਹੈ।       
ਗਰਗ ਨੇ ਕਿਹਾ, ''ਇਸ ਸਮੇਂ 'ਚ ਕਿਸੇ ਤਰ੍ਹਾਂ ਦੇ ਵਿਸ਼ੇਸ਼ ਲਾਭ ਅੰਸ਼ ਦੀ ਮੰਗ ਕਰਨ ਦਾ ਕੋਈ ਪ੍ਰਸਤਾਵ ਨਹੀਂ ਹੈ। ਰਿਜ਼ਰਵ ਬੈਂਕ ਤੋਂ ਸਿਰਫ ਉਹ ਮੰਗ ਕੀਤੀ ਗਈ ਹੈ ਜੋ ਉਸ ਨੇ ਇਸ ਸਾਲ ਕਮਾਈ ਕੀਤੀ ਹੈ ਪਰ ਕਿਸੇ ਨੂੰ ਵੰਡੀ ਨਹੀਂ ਹੈ। ਇਹ ਕਰੀਬ 13,000 ਕਰੋੜ ਰੁਪਏ ਹੈ। 
ਸਰਕਾਰ ਨੇ ਰਿਜ਼ਰਵ ਬੈਂਕ ਨੂੰ ਇਹੀ ਰਾਸ਼ੀ ਟਰਾਂਸਫਰ ਕਰਨ ਦਾ ਸੁਝਾਅ ਦਿੱਤਾ ਹੈ।'' ਉਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਦਾ ਲਾਭ ਕਰੀਬ 44,000 ਕਰੋੜ ਰੁਪਏ ਰਿਹਾ ਹੈ, ਜਿਸ 'ਚ ਉਸ ਨੇ ਲਗਭਗ 30,000 ਕਰੋੜ ਰੁਪਏ ਲਾਭ ਅੰਸ਼ ਦੇ ਤੌਰ 'ਤੇ ਵੰਡ ਦਿੱਤੇ ਅਤੇ 13,000 ਕਰੋੜ ਰੁਪਏ ਨੂੰ ਸੰਕਟ ਅਤੇ ਭੰਡਾਰ ਦੇ ਤੌਰ 'ਤੇ ਰੱਖ ਲਿਆ ਹੈ, ਇਸ ਲਈ ਸਰਕਾਰ ਦਾ ਸੁਝਾਅ ਹੈ ਕਿ ਰਿਜ਼ਰਵ ਬੈਂਕ 13,000 ਕਰੋੜ ਰੁਪਏ ਵੀ ਟਰਾਂਸਫਰ ਕਰ ਸਕਦਾ ਹੈ।