ਸਰਕਾਰ ਏਅਰ ਇੰਡੀਆ ਦੀ ਕਰਜਾਈ, 822 ਕਰੋਡ਼ ਰੁਪਏ ਤੋਂ ਜ਼ਿਆਦਾ ਦਾ ਬਕਾਇਆ

02/07/2020 10:32:20 AM

ਨਵੀਂ ਦਿੱਲੀ — ਨਕਦੀ ਸੰਕਟ ਨਾਲ ਜੂਝ ਰਹੀ ਸਰਕਾਰੀ ਹਵਾਈ ਕੰਪਨੀ ਏਅਰ ਇੰਡੀਆ ਦਾ ‘ਅਤਿ ਵਿਸ਼ੇਸ਼ ਲੋਕਾਂ (ਵੀ. ਵੀ. ਆਈ. ਪੀ./VVIP) ਦੀਆਂ ਉਡਾਣਾਂ ਨੂੰ ਲੈ ਕੇ ਸਰਕਾਰ ’ਤੇ 822 ਕਰੋਡ਼ ਰੁਪਏ ਤੋਂ ਜ਼ਿਆਦਾ ਦਾ ਬਕਾਇਆ ਹੈ। ਯਾਨੀ ਸਰਕਾਰ ਏਅਰ ਇੰਡੀਅਾ ਦੀ ਕਰਜਾਈ ਹੈ। ਸੂਚਨਾ ਦਾ ਅਧਿਕਾਰ (ਆਰ. ਟੀ. ਆਈ.) ਤਹਿਤ ਮੰਗੀ ਇਕ ਜਾਣਕਾਰੀ ਦੇ ਜਵਾਬ ’ਚ ਇਹ ਪਤਾ ਲੱਗਾ ਹੈ।

ਕੰਪਨੀ ਨੇ ਇਕ ਆਰ. ਟੀ. ਆਈ. ਦੇ ਜਵਾਬ ’ਚ ਦੱਸਿਆ ਕਿ ਵੀ. ਵੀ. ਆਈ. ਪੀ. ਦੀਆਂ ਚਾਰਟਰ ਉਡਾਣਾਂ ਨੂੰ ਲੈ ਕੇ 30 ਨਵੰਬਰ 2019 ਤੱਕ ਉਸ ਦਾ 822 ਕਰੋਡ਼ ਰੁਪਏ ਤੋਂ ਜ਼ਿਆਦਾ ਦਾ ਬਕਾਇਆ ਸੀ। ਕੰਪਨੀ ਨੇ ਕਿਹਾ ਕਿ ਰਾਹਤ ਅਤੇ ਬਚਾਅ ਕੰਮਾਂ ’ਚ ਵਿਸ਼ੇਸ਼ ਜਹਾਜ਼ਾਂ ਦੀ ਵਰਤੋਂ ਤੋਂ ਇਲਾਵਾ 9.67 ਕਰੋਡ਼ ਰੁਪਏ ਅਤੇ ਵਿਦੇਸ਼ੀ ਮਹਿਮਾਨਾਂ ਲਈ ਉਡਾਣਾਂ ਦੇ ਮਦ ਦਾ 12.65 ਕਰੋਡ਼ ਰੁਪਏ ਵੀ ਬਕਾਇਆ ਹਨ।

ਏਅਰ ਇੰਡੀਆ ਵੀ. ਵੀ. ਆਈ. ਪੀ. ਉਡਾਣ ਸੇਵਾਵਾਂ ਤਹਿਤ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਯਾਤਰਾ ’ਚ ਚਾਰਟਰ ਜਹਾਜ਼ ਦੀ ਸਹੂਲਤ ਦਿੰਦੀ ਹੈ। ਇਨ੍ਹਾਂ ਦੇ ਬਿੱਲਾਂ ਦਾ ਭੁਗਤਾਨ ਮੰਤਰਾਲਿਆਂ/ਵਿਭਾਗਾਂ ਵੱਲੋਂ ਕੀਤਾ ਜਾਂਦਾ ਹੈ। ਚਾਰਟਰ ਉਡਾਣਾਂ ਦਾ ਬਕਾਇਆ ਹੀ ਨਹੀਂ, ਸਰਕਾਰੀ ਅਧਿਕਾਰੀਆਂ ਵੱਲੋਂ ਏਅਰਲਾਈਨ ਦੀਆਂ ਉਧਾਰ ਲਈਆਂ ਗਈਆਂ ਟਿਕਟਾਂ ਦਾ ਵੀ 31 ਮਾਰਚ 2019 ਤੱਕ 526.14 ਕਰੋਡ਼ ਰੁਪਏ ਬਕਾਇਆ ਸੀ। ਇਨ੍ਹਾਂ ’ਚੋਂ 236 ਕਰੋਡ਼ ਰੁਪਏ ਤੋਂ ਜ਼ਿਆਦਾ ਦੇ ਬਿੱਲ 3 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਬਕਾਇਆ ਸਨ। ਕੰਪਨੀ ਨੇ ਆਪਣੇ ਖਾਤੇ ’ਚ ‘ਵਸੂਲੀ ਦੀ ਸੰਭਾਵਨਾ ਨਹੀਂ’ ਦੇ ਮਦ ’ਚ ਲਗਭਗ 283 ਕਰੋਡ਼ ਰੁਪਏ ਦਾ ਪ੍ਰਬੰਧ ਕੀਤਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ 5 ਦਸੰਬਰ 2019 ਨੂੰ ਇਕ ਜਵਾਬ ’ਚ ਦੱਸਿਆ ਕਿ ਏਅਰ ਇੰਡੀਆ 8556.35 ਕਰੋਡ਼ ਰੁਪਏ (ਅਸਥਾਈ) ਦੇ ਘਾਟੇ ’ਚ ਸੀ।