ਸਰਕਾਰ ਆਰਥਿਕ ਮਾਮਲੇ ’ਚ ਅੱਗੇ ਹੋਰ ਵੀ ਸੁਧਾਰ ਨੂੰ ਤਿਆਰ : ਸੀਤਾਰਮਨ

12/04/2019 2:08:06 AM

ਨਵੀਂ ਦਿੱਲੀ (ਭਾਸ਼ਾ)-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਭਾਰਤ ਨੂੰ ਨਿਵੇਸ਼ ਦਾ ਹੋਰ ਜ਼ਿਆਦਾ ਆਕਰਸ਼ਕ ਸਥਾਨ ਬਣਾਉਣ ਲਈ ਨੀਤੀਆਂ-ਪ੍ਰੋਗਰਾਮਾਂ ’ਚ ਅੱਗੇ ਹੋਰ ਵੀ ਸੁਧਾਰ ਕਰਨ ਲਈ ਤਿਆਰ ਹੈ। ਸੀਤਾਰਮਨ ਇੱਥੇ ਭਾਰਤ ਅਤੇ ਸਵੀਡਨ ਦੇ ਪ੍ਰਮੁੱਖ ਉਦਯੋਗਪਤੀਆਂ ਦੀ ਇਕ ਬੈਠਕ ਨੂੰ ਸੰਬੋਧਨ ਕਰ ਰਹੀ ਸੀ। ਉਨ੍ਹਾਂ ਆਪਣੀ ਸਰਕਾਰ ਵੱਲੋਂ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਹਾਲ ਹੀ ’ਚ ਚੁੱਕੇ ਗਏ ਵੱਖ-ਵੱਖ ਕਦਮਾਂ ਦੀ ਜਾਣਕਾਰੀ ਦਿੱਤੀ। ਇਸ ’ਚ ਕੰਪਨੀਆਂ ’ਤੇ ਆਮਦਨ ਟੈਕਸ ਦੀਆਂ ਦਰਾਂ ਘਟਾਉਣ ਦਾ ਵੱਡਾ ਫੈਸਲਾ ਵੀ ਸ਼ਾਮਲ ਹੈ।

ਵਿੱਤ ਮੰਤਰੀ ਨੇ ਕਿਹਾ, ‘‘ਮੈਂ ਤਾਂ ਸਿਰਫ ਤੁਹਾਨੂੰ ਸੱਦਾ ਹੀ ਦੇ ਸਕਦੀ ਹਾਂ ਅਤੇ ਭਰੋਸਾ ਦੇ ਸਕਦੀ ਹਾਂ ਕਿ ਭਾਰਤ ਅੱਗੇ ਅਰਥਵਿਵਸਥਾ ਦੇ ਵੱਖ-ਵੱਖ ਖੇਤਰਾਂ ’ਚ ਹੋਰ ਵੀ ਸੁਧਾਰ ਕਰਨ ਲਈ ਵਚਨਬੱਧ ਹੈ। ਇਸ ’ਚ ਬੈਂਕਿੰਗ ਖੇਤਰ ਹੋ ਸਕਦਾ ਹੈ, ਬੀਮਾ ਅਤੇ ਮਾਈਨਿੰਗ ਖੇਤਰ ਹੋ ਸਕਦਾ ਹੈ ਅਤੇ ਅਜਿਹੇ ਅਨੇਕ ਦੂਜੇ ਖੇਤਰ ਵੀ ਹੋ ਸਕਦੇ ਹਨ।’’ ਸੀਤਾਰਮਨ ਨੇ ਸਵੀਡਨ ਦੇ ਨਿਵੇਸ਼ਕਾਂ ਨੂੰ ਭਾਰਤ ’ਚ ਖਾਸ ਕਰ ਕੇ ਬੁਨਿਆਦੀ ਢਾਂਚਾ ਵਿਕਾਸ ਦੇ ਪ੍ਰਾਜੈਕਟਾਂ ’ਚ ਨਿਵੇਸ਼ ਲਈ ਸੱਦਾ ਦਿੱਤਾ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ 5 ਸਾਲਾਂ ’ਚ ਬੁਨਿਆਦੀ ਢਾਂਚੇ ’ਤੇ 100 ਲੱਖ ਕਰੋਡ਼ ਰੁਪਏ ਦਾ ਨਿਵੇਸ਼ ਆਕਰਸ਼ਿਤ ਕਰਨ ਦਾ ਟੀਚਾ ਰੱਖਿਆ ਹੈ।

Karan Kumar

This news is Content Editor Karan Kumar