ਸਰਕਾਰ ਦਾ ਵੈਂਟੀਲੇਟਰਾਂ ਦੀ ਬਰਾਮਦ ''ਤੇ ਪਾਬੰਦੀ ਨੂੰ ਲੈ ਕੇ ਵੱਡਾ ਫ਼ੈਸਲਾ

08/04/2020 8:34:50 PM

ਨਵੀਂ ਦਿੱਲੀ— ਸਰਕਾਰ ਨੇ ਮੰਗਲਵਾਰ ਨੂੰ ਸਾਰੇ ਤਰ੍ਹਾਂ ਦੇ ਵੈਂਟੀਲੇਟਰਾਂ ਦੀ ਬਰਾਮਦ 'ਤੇ ਪਾਬੰਦੀ ਹਟਾ ਦਿੱਤੀ, ਤਾਂ ਕਿ ਉਨ੍ਹਾਂ ਉਤਪਾਦਾਂ ਦੇ ਵਿਦੇਸ਼ ਵਪਾਰ 'ਚ ਤੇਜ਼ੀ ਲਿਆਂਦੀ ਜਾ ਸਕੇ।

ਵਿਦੇਸ਼ ਵਪਾਰ ਜਨਰਲ ਡਾਇਰੈਕਟੋਰੇਟ (ਡੀ. ਜੀ. ਐੱਫ. ਟੀ.) ਨੇ ਇਕ ਨੋਟੀਫਿਕੇਸ਼ਨ 'ਚ ਕਿਹਾ, ''ਕਿਸੇ ਵੀ ਤਰ੍ਹਾਂ ਦੇ ਬਣਾਵਟੀ ਸਾਹ ਪ੍ਰਣਾਲੀ ਜਾਂ ਆਕਸੀਜਨ ਉਪਕਰਣ ਜਾਂ ਕਿਸੇ ਹੋਰ ਸਾਹ ਉਪਕਰਣ ਸਮੇਤ ਸਾਰੇ ਤਰ੍ਹਾਂ ਦੇ ਵੈਂਟੀਲੇਟਰ ਬਰਾਮਦ ਲਈ ਮੁਕਤ ਹਨ।''

ਕੋਵਿਡ-19 ਮਹਾਮਾਰੀ ਦਾ ਮੁਕਾਬਲਾ ਕਰਨ ਲਈ ਘਰੇਲੂ ਪੱਧਰ 'ਤੇ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ 24 ਮਾਰਚ ਨੂੰ ਇਨ੍ਹਾਂ ਉਤਪਾਦਾਂ ਦੀ ਬਰਾਮਦ 'ਤੇ ਪਾਬੰਦੀ ਲਗਾਈ ਗਈ ਸੀ। ਕੋਵਿਡ-19 'ਤੇ ਗਠਿਤ ਮੰਤਰੀਆਂ ਦੇ ਸਮੂਹ ਨੇ 1 ਅਗਸਤ ਨੂੰ ਇਸ 'ਤੇ ਵਿਚਾਰ ਕੀਤਾ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇ ਪ੍ਰਸਤਾਵ 'ਤੇ ਸਹਿਮਤੀ ਜਤਾਈ ਤਾਂ ਜੋ ਭਾਰਤ 'ਚ ਬਣੇ ਵੈਂਟੀਲੇਟਰਾਂ ਦੀ ਬਰਾਮਦ ਦੀ ਇਜਾਜ਼ਤ ਦਿੱਤੀ ਜਾ ਸਕੇ।

ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਫੈਸਲਾ ਕੋਵਿਡ-19 ਮਹਂਮਾਰੀ ਨੂੰ ਕਾਬੂ ਕਰਨ ਦੇ ਭਾਰਤ ਦੇ ਯਤਨਾਂ 'ਚ ਮਹੱਤਵਪੂਰਣ ਪ੍ਰਗਤੀ ਅਤੇ ਘੱਟ ਵੈਂਟੀਲੇਟਰਾਂ ਦੀ ਜ਼ਰੂਰਤ ਕਾਰਨ ਲਿਆ ਗਿਆ ਹੈ। ਇਹ ਬਿਆਨ 1 ਅਗਸਤ ਨੂੰ ਜਾਰੀ ਕੀਤਾ ਗਿਆ ਸੀ। ਬਿਆਨ 'ਚ ਕਿਹਾ ਗਿਆ ਹੈ ਕਿ ਵੈਂਟੀਲੇਟਰਾਂ ਦੀ ਘਰੇਲੂ ਨਿਰਮਾਣ ਸਮਰੱਥਾ 'ਚ ਕਾਫ਼ੀ ਵਾਧਾ ਹੋਇਆ ਹੈ ਅਤੇ ਮੌਜੂਦਾ ਸਮੇਂ ਵੈਂਟੀਲੇਟਰਾਂ ਲਈ 20 ਤੋਂ ਜ਼ਿਆਦਾ ਘਰੇਲੂ ਨਿਰਮਾਤਾ ਹਨ।


Sanjeev

Content Editor

Related News