ਸੂਬਿਆਂ ਤੇ ਕੇਂਦਰ ਨੇ ਲਾਈ ਨੌਕਰੀਆਂ ਦੀ ਝੜੀ, ਰੇਲਵੇ ਤੋਂ ਲੈ ਕੇ ਪੁਲਸ 'ਚ ਹੋ ਰਹੀ ਭਰਤੀ

10/22/2018 10:48:15 AM

ਨਵੀਂ ਦਿੱਲੀ— ਲੋਕ ਸਭਾ ਚੋਣਾਂ 'ਚ ਬੇਰੋਜ਼ਗਾਰੀ ਇਕ ਅਹਿਮ ਮੁੱਦਾ ਹੋ ਸਕਦਾ ਹੈ। ਇਹੀ ਵਜ੍ਹਾ ਹੈ ਕਿ ਚੋਣਾਂ ਵਾਲੇ ਸਾਲ 'ਚ ਸਰਕਾਰੀ ਨੌਕਰੀਆਂ ਦੀ ਝੜੀ ਲੱਗਣੀ ਸ਼ੁਰੂ ਹੋ ਗਈ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਨੇ ਨੌਕਰੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸਭ ਤੋਂ ਵੱਧ ਭਰਤੀ ਰੇਲਵੇ 'ਚ ਹੋ ਰਹੀ ਹੈ। ਉੱਥੇ ਹੀ ਯੂ. ਪੀ. ਸਰਕਾਰ ਵੱਲੋਂ ਪੁਲਸ ਮਹਿਕਮੇ 'ਚ ਵੱਡੀ ਗਿਣਤੀ 'ਚ ਭਰਤੀ ਕੀਤੀ ਜਾ ਰਹੀ ਹੈ। ਇਹ ਸਭ ਉਸ ਸਮੇਂ ਹੋ ਰਿਹਾ ਹੈ ਜਦੋਂ ਕਥਿਤ ਬੇਰੋਜ਼ਗਾਰੀ ਨੂੰ ਲੈ ਕੇ ਮੋਦੀ ਸਰਕਾਰ ਨੂੰ ਵਿਰੋਧੀਆਂ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਗਸਤ 'ਚ ਬੇਰੋਜ਼ਗਾਰੀ ਦਰ ਵਧ ਕੇ 6.4 ਫੀਸਦੀ 'ਤੇ ਪਹੁੰਚ ਗਈ, ਜੋ ਇਕ ਸਾਲ ਪਹਿਲਾਂ 4.1 ਫੀਸਦੀ 'ਤੇ ਸੀ। ਰਿਪੋਰਟਾਂ ਮੁਤਾਬਕ 2019 ਦੇ ਅਖੀਰ ਤਕ ਦੇਸ਼ 'ਚ ਵੱਖ-ਵੱਖ ਅਹੁਦਿਆਂ ਅਤੇ ਸ਼੍ਰੇਣੀਆਂ 'ਚ 3,30,000 ਤੋਂ ਵੱਧ ਲੋਕਾਂ ਨੂੰ ਨੌਕਰੀ ਦਿੱਤੀ ਜਾ ਸਕਦੀ ਹੈ।
ਰੇਲਵੇ 2018-19 ਦੌਰਾਨ 1,27,000 ਲੋਕਾਂ ਨੂੰ ਭਰਤੀ ਕਰੇਗਾ, ਜਿਸ ਲਈ 2.37 ਕਰੋੜ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ। ਇਸ 'ਚ ਸਹਾਇਕ ਲੋਕੋ ਪਾਇਲਟ, ਟੈਕਨੀਸ਼ੀਅਨ ਸਮੇਤ ਕਈ ਅਹੁਦੇ ਸ਼ਾਮਲ ਹਨ। ਰੇਲਵੇ ਨੇ ਅਗਸਤ 'ਚ ਇਹ ਮੁਹਿੰਮ ਸ਼ੁਰੂ ਕੀਤੀ ਸੀ। ਮੋਦੀ ਦੇ ਕਾਰਜਕਾਲ 'ਚ ਇਹ ਦੂਜਾ ਮੌਕਾ ਹੈ ਜਦੋਂ ਰੇਲਵੇ ਖਾਲੀ ਆਹੁਦਿਆਂ 'ਤੇ ਭਰਤੀ ਕਰ ਰਿਹਾ ਹੈ। ਸਾਲ 2016-17 'ਚ ਰੇਲਵੇ ਨੇ 18,000 ਕਰਮਚਾਰੀਆਂ ਦੀ ਭਰਤੀ ਲਈ ਪ੍ਰੀਖਿਆ ਆਯੋਜਿਤ ਕੀਤੀ ਸੀ, ਜਿਸ ਲਈ 92 ਲੱਖ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ।

ਕੇਂਦਰੀ ਅਦਾਰਿਆਂ 'ਚ ਜਲਦ ਨਿਕਲੇਗੀ ਨੌਕਰੀ :
ਸੂਤਰਾਂ ਮੁਤਾਬਕ ਕੇਂਦਰ ਸਰਕਾਰ ਦੇ ਵੱਡੇ ਜਨਤਕ ਅਦਾਰੇ ਇਸ ਸਾਲ 25,000 ਤੋਂ ਵਧ ਰੋਜ਼ਗਾਰ ਦੇਣਗੇ। ਇੰਡਸਟਰੀ ਦੇ ਇਕ ਸੂਤਰ ਨੇ ਕਿਹਾ ਕਿ ਤੇਲ ਖੇਤਰ ਦੀਆਂ ਜਨਤਕ ਕੰਪਨੀਆਂ ਤਕਰੀਬਨ 5,000 ਲੋਕਾਂ ਨੂੰ ਨੌਕਰੀ ਦੇ ਸਕਦੀਆਂ ਹਨ। ਇੰਡੀਅਨ ਆਇਲ ਕਾਰਪੋਰੇਸ਼ਨ ਤਕਰੀਬਨ 1,000 ਕਰਮਚਾਰੀਆਂ ਦੀ ਭਰਤੀ ਕਰੇਗੀ, ਜਦੋਂ ਕਿ ਓ. ਐੱਨ. ਜੀ. ਸੀ. 800 ਤੋਂ 1,000 ਨੌਕਰੀਆਂ ਦੇ ਸਕਦੀ ਹੈ।

ਇਸ ਵਿਚਕਾਰ ਸੂਬਿਆਂ ਨੇ ਵੀ ਸਰਕਾਰੀ ਅਹੁਦਿਆਂ 'ਤੇ ਭਰਤੀ ਦਾ ਕੰਮ ਤੇਜ਼ ਕਰ ਦਿੱਤਾ ਹੈ। ਸੂਤਰਾਂ ਮੁਤਾਬਕ 10 ਸੂਬਿਆਂ 'ਚ ਵੱਖ-ਵੱਖ ਪੱਧਰਾਂ 'ਤੇ ਅਧਿਆਪਕਾਂ ਦੇ 78,000 ਅਹੁਦਿਆਂ 'ਤੇ ਭਰਤੀਆਂ ਜਾਰੀ ਹਨ। ਇਨ੍ਹਾਂ 'ਚੋਂ 51,000 ਅਹੁਦੇ ਚੋਣਾਂ ਵਾਲੇ ਸੂਬੇ ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਹਨ। ਉੱਥੇ ਹੀ, ਉੱਤਰ ਪ੍ਰਦੇਸ਼ ਸਰਕਾਰ ਜੂਨ 2019 ਤਕ 1,00,000 ਪੁਲਸ ਕਰਮਚਾਰੀਆਂ ਦੀ ਭਰਤੀ ਕਰੇਗੀ। ਇਸ 'ਚ ਜ਼ਿਆਦਾਤਰ ਅਹੁਦੇ ਸਿਪਾਹੀ ਦੇ ਹਨ ਅਤੇ 42,000 ਅਹੁਦਿਆਂ 'ਤੇ ਭਰਤੀ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਨੂੰ ਸੂਬੇ 'ਚ ਪੁਲਸ ਦੀ ਸਭ ਤੋਂ ਵੱਡੀ ਭਰਤੀ ਮੰਨਿਆ ਜਾ ਰਿਹਾ ਹੈ।