ਵਾਧੇ ਨੂੰ ਉਤਸ਼ਾਹ ਦੇਣ ਲਈ ਤੇ ਬੁਨਿਆਦੀ ਸੁਧਾਰਾਂ ਦੀ ਤਿਆਰੀ : ਅਮਿਤਾਭ ਕਾਂਤ

10/03/2019 11:24:25 PM

ਨਵੀਂ ਦਿੱਲੀ (ਭਾਸ਼ਾ)-ਅਰਥਵਿਵਸਥਾ ਨੂੰ ਉੱਚੇ ਵਾਧੇ ਦੇ ਰਾਹ 'ਤੇ ਲਿਜਾਣ ਲਈ ਸਰਕਾਰ ਆਉਣ ਵਾਲੇ ਦਿਨਾਂ 'ਚ ਕਈ ਹੋਰ ਬੁਨਿਆਦੀ ਸੁਧਾਰ ਲਿਆਉਣ ਦੀ ਤਿਆਰੀ 'ਚ ਹੈ। ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਂਤ ਨੇ ਇਹ ਜਾਣਕਾਰੀ ਦਿੱਤੀ। ਅਮਿਤਾਭ ਕਾਂਤ ਨੇ ਇਥੇ ਵਿਸ਼ਵ ਆਰਥਿਕ ਮੰਚ (ਡਬਲਿਊ. ਈ. ਐੈੱਫ.) ਦੇ ਇਕ ਪ੍ਰੋਗਰਾਮ 'ਭਾਰਤ ਆਰਥਿਕ ਸੰਮੇਲਨ' ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 5 ਸਾਲਾਂ 'ਚ ਦੇਸ਼ ਦੀ ਅਰਥਵਿਵਸਥਾ 7.5 ਫੀਸਦੀ ਦੀ ਰਫਤਾਰ ਨਾਲ ਵਧੀ ਹੈ। 2017-18 ਦੀ ਆਖਰੀ ਤਿਮਾਹੀ 'ਚ ਘਰੇਲੂ ਉਤਪਾਦਨ (ਜੀ. ਡੀ. ਪੀ.) ਦੀ ਵਾਧਾ ਦਰ 8.1 ਫੀਸਦੀ ਸੀ ਜੋ 2019-20 ਦੀ ਅਪ੍ਰੈਲ- ਜੂਨ ਤਿਮਾਹੀ 'ਚ ਘਟ ਕੇ 5 ਫੀਸਦੀ ਰਹਿ ਗਈ ਹੈ। ਉਨ੍ਹਾਂ ਕਿਹਾ, ''ਰਿਜ਼ਰਵ ਬੈਂਕ ਅਤੇ ਸਰਕਾਰ ਨੇ ਦੇਸ਼ ਨੂੰ ਫਿਰ ਉੱਚੇ ਵਾਧੇ ਦੇ ਰਾਹ 'ਤੇ ਲਿਜਾਣ ਲਈ ਕਈ ਕਦਮ ਚੁੱਕੇ ਹਨ। ਇਸ ਸਾਲ ਕੇਂਦਰੀ ਬੈਂਕ ਹੁਣ ਤਕ ਮੁੱਖ ਨੀਤੀਗਤ ਦਰ ਰੇਪੋ 'ਚ 1.10 ਫੀਸਦੀ ਦੀ ਕਟੌਤੀ ਕਰ ਚੁੱਕਾ ਹੈ ਪਰ ਕਰੰਸੀ ਨੀਤੀ ਦੀਆਂ ਆਪਣੀਆਂ ਹੱਦਾਂ ਹਨ। ਇਸ ਲਈ ਸਰਕਾਰ ਨੇ ਵੀ ਆਪਣੇ ਵੱਲੋਂ ਕਈ ਉਪਰਾਲੇ ਕੀਤੇ ਹਨ।''
ਉਦਯੋਗ ਜਗਤ ਨੂੰ ਹੋਰ ਇਨਸੈਂਟਿਵਸ ਦੇਵੇ ਸਰਕਾਰ : ਗੋਦਰੇਜ

ਗੋਦਰੇਜ ਸਮੂਹ ਦੇ ਚੇਅਰਮੈਨ ਆਦਿ ਗੋਦਰੇਜ ਨੇ ਕਿਹਾ ਕਿ ਅਰਥਵਿਵਸਥਾ ਦੀ ਸੁਸਤ ਪਈ ਰਫਤਾਰ ਨੂੰ ਤੇਜ਼ੀ ਦੇਣ ਲਈ ਸਰਕਾਰ ਨੂੰ ਉਦਯੋਗਾਂ ਨੂੰ ਹੋਰ ਰਾਹਤ ਦੇਣ ਨਾਲ ਹੀ ਨਿੱਜੀ ਇਨਕਮ ਦੀਆਂ ਦਰਾਂ ਘੱਟ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਭਾਰਤ ਆਰਥਿਕ ਸੰਮੇਲਨ 'ਚ ਕਿਹਾ ਕਿ ਇਨ੍ਹਾ ਕਦਮਾਂ ਨਾਲ ਮਾਲੀ ਹਾਲਤ ਪ੍ਰਭਾਵਿਤ ਹੋ ਸਕਦੀ ਹੈ ਪਰ ਸਰਕਾਰ ਨੂੰ ਇਹ ਉਪਰਾਲੇ ਕਰਨੇ ਚਾਹੀਦੇ ਹਨ। ਗੋਦਰੇਜ ਨੇ ਕਿਹਾ, ''ਅਰਥਵਿਵਸਥਾ 'ਚ ਮੌਜੂਦਾ ਵਾਧਾ ਦਰ ਸੁਸਤ ਹੈ ਅਤੇ ਸਾਨੂੰ ਇਸ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ। ਸਾਨੂੰ ਆਰਥਿਕ ਵਾਧੇ ਨੂੰ ਚੁੱਕਣ ਦੀ ਲੋੜ ਹੈ ਅਤੇ ਜੇਕਰ ਇਸ ਦੇ ਕਾਰਣ ਵਿੱਤੀ ਘਾਟਾ ਵੀ ਵਧ ਜਾਏਗਾ ਤਾਂ ਮੈਨੂੰ ਨਹੀਂ ਲੱਗਦਾ ਇਸ ਨਾਲ ਫਰਕ ਪੈਂਦਾ ਹੈ। ਇਹ ਯਕੀਨੀ ਕੀਤਾ ਜਾਣਾ ਚਾਹੀਦਾ ਹੈ।''


Karan Kumar

Content Editor

Related News