ਸਰਕਾਰ ਨੇ PF ਖਾਤੇ ਪਾਉਣੀ ਸ਼ੁਰੂ ਕੀਤੀ ਰਕਮ, ਜਾਣੋ ਬੈਲੇਂਸ ਚੈੱਕ ਕਰਨ ਦਾ ਤਰੀਕਾ

10/15/2019 3:28:01 PM

ਮੁੰਬਈ — ਕਰਮਚਾਰੀ ਭਵਿੱਖ ਨਿਧੀ ਸੰਗਠਨ(EPFO) ਵਲੋਂ 6 ਕਰੋੜ ਤੋਂ ਜ਼ਿਆਦਾ ਮੈਂਬਰਾਂ ਨੂੰ ਦੀਵਾਲੀ ਤੋਂ ਪਹਿਲਾਂ ਤੋਹਫਾ ਮਿਲਣਾ ਸ਼ੁਰੂ ਹੋ ਗਿਆ ਹੈ। ਜਾਣਕਾਰੀ ਅਨੁਸਾਰ EPFO ਦੇ ਖਾਤਾਧਾਰਕਾਂ ਦੇ ਖਾਤੇ 'ਚ ਨਵੀਆਂ ਵਿਆਜ ਦਰਾਂ ਦੇ ਹਿਸਾਬ ਨਾਲ ਵਿਆਜ ਪੈਣਾ ਸ਼ੁਰੂ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਵਿਆਜ ਦਰਾਂ 'ਚ 10 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਵਿੱਤੀ ਸਾਲ 2018-19 'ਚ EPF ਦੀ ਵਿਆਜ ਦਰ 8.55 ਫੀਸਦੀ ਤੋਂ ਵਧ ਕੇ 8.65 ਫੀਸਦੀ ਹੋ ਗਈ ਸੀ। ਤੁਸੀਂ ਮਿਸਡ ਕਾਲ, ਐਸ.ਐਮ.ਐਸ.(SMS) ਅਤੇ ਆਨਲਾਈਨ ਜ਼ਰੀਏ ਆਪਣੇ ਬੈਲੇਂਸ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ। 

SMS ਜ਼ਰੀਏ ਇਸ ਤਰ੍ਹਾਂ ਕਰੋ ਚੈੱਕ

ਤੁਸੀਂ ਆਪਣੇ EPFO ਦਾ ਬੈਲੇਂਸ SMS ਜ਼ਰੀਏ ਪਤਾ ਲਗਾ ਸਕਦੇ ਹੋ। ਬੱਸ ਤੁਹਾਡਾ ਨੰਬਰ EPFO 'ਤੇ ਰਜਿਸਟਰ ਹੋਣਾ ਚਾਹੀਦਾ ਹੈ। ਇਸ ਲਈ ਤੁਹਾਨੂੰ 7738299899 'ਤੇ EPFOHO UAN ENG ਲਿਖ ਕੇ ਭੇਜਣਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਆਪਣੇ ਪੀ.ਐਫ. ਦੇ ਬੈਲੇਂਸ ਦੀ ਪੂਰੀ ਜਾਣਕਾਰੀ ਮਿਲ ਜਾਵੇਗੀ। ਭਾਸ਼ਾ ਲਈ ਤੁਹਾਨੂੰ ਸਿਰਫ ਹਿੰਦੀ ਲਈ HIN ਲਿਖਣਾ ਹੋਵੇਗਾ। ਪੀ.ਐਫ. ਇੰਗਲਿਸ਼ ਅਤੇ ਹਿੰਦੀ ਤੋਂ ਇਲਾਵਾ ਪੰਜਾਬੀ, ਮਰਾਠੀ, ਕੱਨੜ, ਤੇਲਗੂ, ਤਾਮਿਲ, ਮਲਿਆਲਮ ਅਤੇ ਬੰਗਾਲੀ ਭਾਸ਼ਾ 'ਚ ਵੀ ਆਨ ਲਾਈਨ ਉਪਲੱਬਧ ਹੈ। ਤੁਸੀਂ EPFO ਦੀ ਵੈਬਸਾਈਟ 'ਤੇ ਜਾ ਕੇ ਵੀ ਪਾਸਬੁੱਕ 'ਤੇ ਬੈਲੇਂਸ ਚੈੱਕ ਕਰ ਸਕਦੇ ਹੋ। ਪਾਸਬੁੱਕ ਦੇਖਣ ਲਈ ਤੁਹਾਡੇ ਕੋਲ ਯੂ.ਐਨ. ਨੰਬਰ ਹੋਣਾ ਲਾਜ਼ਮੀ ਹੈ।

ਮਿਸਡ  ਕਾਲ ਜ਼ਰੀਏ ਵੀ ਪਤਾ ਲਗਾ ਸਕਦੇ ਹੋ ਬੈਲੇਂਸ

ਤੁਸੀਂ ਆਪਣੇ ਪੀ.ਐਫ. ਦਾ ਬੈਲੇਂਸ ਨੂੰ ਮਿਸਡ ਕਾਲ ਦੇ ਜ਼ਰੀਏ ਵੀ ਪਤਾ ਲਗਾ ਸਕਦੇ ਹੋ। ਇਸ ਲਈ ਤੁਹਾਨੂੰ ਆਪਣੇ ਰਜਿਸਟਰਡ ਮੋਬਾਇਲ ਨੰਬਰ ਤੋਂ 011-22901406 'ਤੇ ਮਿਸਡ ਕਾਲ ਦੇਣੀ ਹੋਵੇਗੀ। ਇਸ ਤੋਂ ਬਾਅਦ ਈ.ਪੀ.ਐਫ.ਓ. ਤੁਹਾਨੂੰ ਤੁਹਾਡੇ ਪੀ.ਐਫ. ਦੀ ਪੂਰੀ ਜਾਣਕਾਰੀ ਮੈਸੇਜ ਜ਼ਰੀਏ ਭੇਜ ਦੇਵੇਗਾ। ਇਸ ਜ਼ਰੀਏ ਵੀ ਜਾਣਕਾਰੀ ਹਾਸਲ ਕਰਨ ਲਈ ਤੁਹਾਨੂੰ ਤੁਹਾਡਾ ਯੂ.ਏ.ਐਨ.ਨੰਬਰ, ਪੈਨ ਅਤੇ ਆਧਾਰ ਲਿੰਕ ਹੋਣਾ ਜ਼ਰੂਰੀ ਹੈ।

ਆਨ ਲਾਈਨ ਵੀ ਚੈੱਕ ਕਰ ਸਕਦੇ ਹੋ ਬੈਲੇਂਸ

ਪੀ.ਐਫ. ਖਾਤੇ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਆਨਲਾਈਨ ਸੇਵਾ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਸ ਲਈ ਤੁਹਾਨੂੰ EPFO ਦੀ ਵੈਬਸਾਈਟ 'ਤੇ ਜਾ ਕੇ ਈ-ਪਾਸਬੁੱਕ 'ਤੇ ਕਲਿੱਕ ਕਰਨਾ ਹੋਵੇਗਾ। ਜਿਸ ਤੋਂ ਬਾਅਦ ਇਕ ਨਵਾਂ ਪੇਜ਼ passbook.epfindia.gov.in ਖੁੱਲ੍ਹ ਜਾਵੇਗਾ। ਇਸ ਤੋਂ ਬਾਅਦ ਤੁਹਾਨੂੰ ਇਥੇ ਆਪਣਾ ਯੂ.ਏ.ਐਨ. ਨੰਬਰ, ਪਾਸਵਰਡ ਅਤੇ ਕੈਪਚਾ ਭਰਨਾ ਹੋਵੇਗਾ। ਐਂਟਰ ਕਰਨ ਦੇ ਬਾਅਦ ਇਕ ਨਵਾਂ ਪੇਜ਼ ਖੁੱਲ੍ਹੇਗਾ ਅਤੇ ਮੈਂਬਰ ਆਈ.ਡੀ. ਦੀ ਚੋਣ ਕਰਨੀ ਹੋਵੇਗੀ। ਇਥੇ ਈ-ਪਾਸ ਬੁੱਕ 'ਤੇ ਤੁਹਾਨੂੰ ਆਪਣਾ ਈ.ਪੀ.ਐਫ. ਬੈਲੇਂਸ ਮਿਲ ਜਾਵੇਗਾ।
 


Related News