ਸਰਕਾਰ ਨੇ ਝਾਰਖੰਡ ’ਚ ਬਿਜਲੀ ਪ੍ਰਾਜੈਕਟ ਲਈ ਕੋਲਾ ਬਲਾਕ ਦੀ ਅਲਾਟਮੈਂਟ ਕੀਤੀ ਰੱਦ

01/02/2020 12:01:27 AM

ਨਵੀਂ ਦਿੱਲੀ (ਭਾਸ਼ਾ)-ਸਰਕਾਰ ਨੇ ਝਾਰਖੰਡ ’ਚ ਬਿਜਲੀ ਪ੍ਰਾਜੈਕਟ ਲਈ ਕੋਲਾ ਬਲਾਕ ਦੀ ਅਲਾਟਮੈਂਟ ਰੱਦ ਕਰ ਦਿੱਤੀ ਹੈ। ਇਸ ਦੀ ਵਜ੍ਹਾ ਇਕ ਦਹਾਕੇ ਤੋਂ ਜ਼ਿਆਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਬਲਾਕ ਨੂੰ ਸੰਚਾਲਨ ’ਚ ਲਿਆਉਣ ’ਚ ਕੋਈ ਖਾਸ ਪ੍ਰਗਤੀ ਨਾ ਹੋਣਾ ਹੈ। ਇਸ ਕੋਲਾ ਬਲਾਕ ਦੀ ਕਰਣਪੁਰਾ ਐਨਰਜੀ ਲਿਮਟਿਡ ਨੂੰ 2009 ’ਚ ਅਲਾਟਮੈਂਟ ਕੀਤੀ ਗਈ ਸੀ। ਕੋਲਾ ਮੰਤਰਾਲਾ ਨੇ ਕੰਪਨੀ ਨੂੰ ਲਿਖੇ ਪੱਤਰ ’ਚ ਕਿਹਾ,‘‘ਕੋਲਾ ਬਲਾਕ (ਮੌਰਿਆ ਕੋਲਾ ਬਲਾਕ) ਦੀ ਅਲਾਟਮੈਂਟ ਦੇ 10 ਸਾਲਾਂ ਬਾਅਦ ਵੀ ਉਸ ਦੇ ਸੰਚਾਲਨ ਦੀ ਦਿਸ਼ਾ ’ਚ ਕੋਈ ਖਾਸ ਪ੍ਰਗਤੀ ਨਹੀਂ ਹੋਈ ਹੈ।’’

ਕੋਲਾ ਬਲਾਕ ਦੇ ਵਿਕਾਸ ’ਚ ਜ਼ਿਆਦਾ ਦੇਰ ਹੋਣ ਦੀ ਵਜ੍ਹਾ ਨਾਲ ਕੋਲਾ ਮੰਤਰਾਲਾ ਨੇ ਕੰਪਨੀ ਨੂੰ ਦਸੰਬਰ 2013 ਅਤੇ ਸਤੰਬਰ ਅਤੇ ਅਕਤੂਬਰ 2019 ’ਚ ਕਾਰਣ ਦੱਸੋ ਨੋਟਿਸ ਜਾਰੀ ਕੀਤੇ ਸਨ। ਕੰਪਨੀ ਨੇ ਨਵੰਬਰ 2019 ’ਚ ਮੰਤਰਾਲਾ ਨੂੰ ਭੇਜੇ ਆਪਣੇ ਜਵਾਬ ’ਚ ਕਿਹਾ ਕਿ ਜ਼ਮੀਨ ਅਤੇ ਪਾਣੀ ਦੀ ਗੈਰ-ਉਪਲੱਬਧਤਾ ਤੇ ਸਥਾਨਕ ਨਿਵਾਸੀਆਂ ਦੇ ਵਿਰੋਧ ਕਾਰਣ ਕੋਲਾ ਬਲਾਕ ਦੇ ਵਿਕਾਸ ’ਚ ਰੁਕਾਵਟਾਂ ਆ ਰਹੀਆਂ ਹਨ। ਹਾਲਾਂਕਿ ਮੰਤਰਾਲਾ ਨੇ ਇਸ ਜਵਾਬ ਨੂੰ ‘ਸੰਤੋਸ਼ਜਨਕ ਨਹੀਂ ਮੰਨਿਆ’ ਹੈ। ਮੰਤਰਾਲਾ ਨੇ ਕਿਹਾ, ‘‘ਅਲਾਟਮੈਂਟ ਪੱਤਰ ਅਨੁਸਾਰ ਕੋਲਾ ਮਾਈਨਿੰਗ ਪ੍ਰਾਜੈਕਟ ਦੇ ਵਿਕਾਸ ’ਚ ਸੰਤੋਸ਼ਜਨਕ ਪ੍ਰਗਤੀ ਨਾ ਹੋਣ ਅਤੇ ਅਲਾਟਮੈਂਟ ਦੀਆਂ ਸ਼ਰਤਾਂ ਦੀ ਉਲੰਘਣਾ ਸਮੇਤ ਹੋਰ ਕਾਰਣਾਂ ਦੀ ਵਜ੍ਹਾ ਨਾਲ ਬਲਾਕ ਦੀ ਮਾਈਨਿੰਗ ਪਟੇ ਨੂੰ ਰੱਦ ਕੀਤਾ ਜਾ ਸਕਦਾ ਹੈ।

Karan Kumar

This news is Content Editor Karan Kumar