ਕਾਲ ਤੇ ਡਾਟਾ ਦਰਾਂ ''ਚ ਹੋ ਸਕਦਾ ਹੈ ਵਾਧਾ, Airtel ਦੇ CEO ਨੇ ਦਿੱਤਾ ਸੰਕੇਤ

07/30/2020 9:24:55 PM

ਨਵੀਂ ਦਿੱਲੀ— ਭਾਰਤੀ ਏਅਰਟੈੱਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਗੋਪਾਲ ਵਿਟਲ ਨੇ ਡਾਟਾ ਅਤੇ ਕਾਲ ਦਰਾਂ 'ਚ ਇਕ ਹੋਰ ਵਾਧੇ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਇਕ ਟਿਕਾਊ ਕਾਰੋਬਾਰੀ ਮਾਡਲ ਲਈ ਦੂਰਸੰਚਾਰ ਕੰਪਨੀ ਦੀ ਪ੍ਰਤੀ ਗਾਹਕ ਔਸਤ ਕਮਾਈ (ਏ. ਆਰ. ਪੀ. ਯੂ.) ਨੂੰ 200 ਤੋਂ 300 ਰੁਪਏ ਪ੍ਰਤੀ ਮਹੀਨਾ ਤੱਕ ਲਿਜਾਣ ਦੀ ਜ਼ਰੂਰਤ ਹੈ। ਹਾਲਾਂਕਿ, ਵਿਟਲ ਨੇ ਕਾਲ ਅਤੇ ਡਾਟਾ ਦਰਾਂ 'ਚ ਵਾਧੇ ਦੀ ਸਮਾਂ-ਸੀਮਾ ਨਹੀਂ ਦੱਸੀ।

ਕੰਪਨੀ ਵੱਲੋਂ ਜੂਨ ਤਿਮਾਹੀ 'ਚ 15,933 ਕਰੋੜ ਦਾ ਘਾਟਾ ਹੋਣ ਦੀ ਰਿਪੋਰਟ ਦੇਣ ਤੋਂ ਇਕ ਦਿਨ ਬਾਅਦ ਉਹ ਵਿਸ਼ਲੇਸ਼ਕਾਂ ਦੇ ਸੱਦੇ 'ਤੇ ਬੋਲ ਰਹੇ ਸਨ। ਏ. ਜੀ. ਆਰ. ਬਕਾਏ ਦੇ ਭੁਗਤਾਨ ਲਈ 11,746 ਕਰੋੜ ਰੁਪਏ ਦੀ ਕੀਤੀ ਗਈ ਵਿਵਸਥਾ ਕਾਰਨ ਕੰਪਨੀ ਨੂੰ ਇੰਨਾ ਵੱਡਾ ਘਾਟਾ ਹੋਇਆ।

ਭਾਰਤੀ ਏਅਰਟੈੱਲ ਦਾ ਏ. ਆਰ. ਪੀ. ਯੂ. ਹਾਲ ਹੀ 'ਚ ਖਤਮ ਹੋਈ ਤਿਮਾਹੀ 'ਚ 157 ਰੁਪਏ ਰਿਹਾ, ਜੋ ਕਿ ਜਨਵਰੀ-ਮਾਰਚ 'ਚ 154 ਰੁਪਏ ਰਿਹਾ ਸੀ। ਕੰਪਨੀ ਨੇ ਦਸੰਬਰ 'ਚ ਟੈਰਿਫਾਂ 'ਚ 42 ਫੀਸਦੀ ਦਾ ਵਾਧਾ ਕੀਤਾ ਸੀ। ਦੂਰਸੰਚਾਰ ਵਿਭਾਗ (ਡੀ. ਓ. ਟੀ.) ਦੇ ਅਨੁਮਾਨ ਮੁਤਾਬਕ, ਏਅਰਟੈੱਲ 'ਤੇ ਲਗਭਗ 43,000 ਕਰੋੜ ਰੁਪਏ ਦਾ ਏ. ਜੀ. ਆਰ. ਬਕਾਇਆ ਹੈ, ਜਿਸ 'ਚੋਂ ਕੰਪਨੀ ਸਰਕਾਰ ਨੂੰ 18,000 ਕਰੋੜ ਰੁਪਏ ਅਦਾ ਕਰ ਚੁੱਕੀ ਹੈ। ਕੰਪਨੀ ਨੂੰ ਉਮੀਦ ਹੈ ਕਿ ਉਹ ਬਕਾਏ ਦਾ ਸਮੇਂ 'ਤੇ ਭੁਗਤਾਨ ਕਰ ਦੇਵੇਗੀ।

ਉੱਥੇ ਹੀ, 5-ਜੀ ਨੂੰ ਲੈ ਕੇ ਵਿਟਲ ਨੇ ਕਿਹਾ ਇਸ ਦੀ ਸਪੈਕਟ੍ਰਮ ਲਾਗਤ ਪ੍ਰਮੁੱਖ ਮੁੱਦਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ-ਬਹੁਤ ਮਹਿੰਗਾ ਹੈ, ਜਿਸ ਨੂੰ ਹੱਥ ਪਾਉਣਾ ਕਾਫ਼ੀ ਮੁਸ਼ਕਲ ਹੈ, ਦੂਜਾ 5-ਜੀ ਲਈ ਇਕੋਸਿਸਟਮ ਵਿਕਸਤ ਨਹੀਂ ਹੈ। ਉਨ੍ਹਾਂ ਕਿਹਾ ਕਿ ਵਪਾਰਕ ਤੌਰ 'ਤੇ 5-ਜੀ ਦਾ ਲਾਂਚ ਹੋਣਾ ਅਜੇ ਵੀ ਕੁਝ ਸਾਲ ਦੂਰ ਹੈ। ਉੱਥੇ ਹੀ, ਇਸ ਦੀ ਮੁਕਾਬਲੇਬਾਜ਼ ਕੰਪਨੀ ਜਿਓ ਦੇ ਮਾਲਕ ਮੁਕੇਸ਼ ਅੰਬਾਨੀ ਨੇ ਹਾਲ ਹੀ 'ਚ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਕੰਪਨੀ ਰਿਲਾਇੰਸ ਜਿਓ ਨੇ ਦੇਸੀ 5-ਜੀ ਸਲਿਊਸ਼ਨ ਤਿਆਰ ਕਰ ਲਏ ਹਨ ਅਤੇ ਸਪੈਕਟ੍ਰਮ ਉਪਲਬਧ ਹੁੰਦੇ ਹੀ ਟ੍ਰਾਇਲ ਸ਼ੁਰੂ ਕਰ ਸਕਦੇ ਹਨ।


Sanjeev

Content Editor

Related News