ਭਾਰਤ ’ਚ 82 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਗੂਗਲ, ਬਣਾਏਗੀ ਗਲੋਬਲ ਸੈਂਟਰ

06/25/2023 10:34:13 AM

ਵਾਸ਼ਿੰਗਟਨ (ਅਨਸ) - ਗੂਗਲ ਭਾਰਤ ’ਚ ਡਿਜੀਟਾਈਜੇਸ਼ਨ ਲਈ 10 ਬਿਲੀਅਨ ਡਾਲਰ (ਲਗਭਗ 82 ਹਜ਼ਾਰ ਕਰੋਡ਼ ਰੁਪਏ) ਦਾ ਨਿਵੇਸ਼ ਕਰੇਗੀ। ਗੂਗਲ ਦੇ ਸੀ. ਈ. ਓ. ਸੁੰਦਰ ਪਿਚਾਈ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਉੱਥੇ ਹੀ, ਅਮੇਜਨ ਦੇ ਸੀ. ਈ. ਓ. ਨੇ ਵੀ ਪ੍ਰਧਾਨ ਮੰਤਰੀ ਨੂੰ ਮਿਲਣ ਤੋਂ ਬਾਅਦ ਭਾਰਤ ’ਚ 26 ਬਿਲੀਅਨ ਡਾਲਰ (ਲਗਭਗ 2.1 ਲੱਖ ਕਰੋਡ਼ ਰੁਪਏ) ਦੇ ਨਿਵੇਸ਼ ਦੀ ਗੱਲ ਕਹੀ।

ਇਹ ਵੀ ਪੜ੍ਹੋ : ਭਾਰਤੀ ਖੇਤੀਬਾੜੀ ਸੈਕਟਰ 'ਚ ਤਕਨਾਲੋਜੀ ਨੇ ਬਦਲੀ ਕਿਸਾਨਾਂ ਦੀ ਨੁਹਾਰ, ਖੇਤੀ ਨਿਰਯਾਤ 9 ਫ਼ੀਸਦੀ ਵਧਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ 3 ਦਿਨਾ ਯਾਤਰਾ ਤੋਂ ਬਾਅਦ ਹੁਣ ਮਿਸਰ ਲਈ ਰਵਾਨਾ ਹੋ ਗਏ ਹਨ। ਪੀ. ਐੱਮ. ਨੇ ਆਪਣੀ ਯਾਤਰਾ ਦੌਰਾਨ ਗੂਗਲ ਦੇ ਸੀ. ਈ. ਓ. ਸੁੰਦਰ ਪਿਚਾਈ ਨਾਲ ਮੁਲਾਕਾਤ ਕੀਤੀ ਸੀ, ਇਹ ਮੁਲਾਕਾਤ ਕਈ ਮਾਇਨਿਆਂ ’ਚ ਬੇਹੱਦ ਖਾਸ ਰਹੀ ਹੈ। ਪ੍ਰਧਾਨ ਮੰਤਰੀ ਦੀ ਇਸ ਮੁਲਾਕਾਤ ਤੋਂ ਬਾਅਦ ਗੂਗਲ ਨੇ ਗੁਜਰਾਤ ’ਚ ਆਪਣਾ ਗਲੋਬਲ ਫਿਨਟੈੱਕ ਆਪ੍ਰੇਸ਼ਨ ਸੈਂਟਰ ਖੋਲ੍ਹਣ ਦਾ ਐਲਾਨ ਕੀਤਾ ਹੈ।

ਸੁੰਦਰ ਪਿਚਾਈ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਗੂਗਲ ਭਾਰਤ ਦੇ ਡਿਜਿਟਲੀਕਰਨ ਲਈ 10 ਅਰਬ ਡਾਲਰ ਦਾ ਨਿਵੇਸ਼ ਕਰੇਗੀ।’’ ਉੱਥੇ ਹੀ, ਪ੍ਰਧਾਨ ਮੰਤਰੀ ਦਫਤਰ ਨੇ ਟਵੀਟ ਕਰ ਕੇ ਦੱਸਿਆ ਕਿ ਪ੍ਰਧਾਨ ਮੰਤਰੀ ਅਤੇ ਪਿਚਾਈ ਵਿਚਾਲੇ ਆਰਟੀਫੀਸ਼ੀਅਲ ਇੰਟੈਲੀਜੈਂਸ, ਫਿਨਟੈੱਕ ਅਤੇ ਰਿਸਰਚ ਐਂਡ ਡਿਵੈੱਲਪਮੈਂਟ ਨੂੰ ਉਤਸ਼ਾਹ ਦੇਣ ਦੇ ਉਪਰਾਲਿਆਂ ’ਤੇ ਚਰਚਾ ਹੋਈ।

ਇਹ ਵੀ ਪੜ੍ਹੋ : ਕਿਸਾਨਾਂ ਲਈ ਵੱਡੀ ਸਹਲੂਤ, PM-KISAN ਮੋਬਾਈਲ ਐਪ 'ਚ ਹੁਣ ਤੁਹਾਡੇ ਚਿਹਰੇ ਨਾਲ ਹੋਵੇਗੀ ਪਛਾਣ

ਪਿਚਾਈ ਨੇ ਡਿਜੀਟਲ ਇੰਡੀਆ ਲਈ ਪ੍ਰਧਾਨ ਮੰਤਰੀ ਦੇ ਨਜ਼ਰੀਏ ਦੀ ਕੀਤੀ ਸ਼ਲਾਘਾ

ਸੁੰਦਰ ਪਿਚਾਈ ਨੇ ਡਿਜੀਟਲ ਇੰਡੀਆ ਲਈ ਪ੍ਰਧਾਨ ਮੰਤਰੀ ਮੋਦੀ ਦੇ ਨਜ਼ਰੀਏ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, “ਡਿਜੀਟਲ ਇੰਡੀਆ ਲਈ ਪ੍ਰਧਾਨ ਮੰਤਰੀ ਦਾ ਦ੍ਰਿਸ਼ਟੀਕੋਣ ਬਹੁਤ ਅੱਗੇ ਦੀ ਸੋਚ ਹੈ। ਮੈਂ ਹੁਣ ਇਸ ਨੂੰ ਇਕ ਬਲੂਪ੍ਰਿੰਟ ਦੇ ਰੂਪ ’ਚ ਵੇਖਦਾ ਹਾਂ, ਜਿਸ ਨੂੰ ਹੋਰ ਦੇਸ਼ ਕਰਨਾ ਚਾਹੁੰਦੇ ਹਨ।”

ਜ਼ਿਆਦਾ ਭਾਰਤੀ ਭਾਸ਼ਾਵਾਂ ਨੂੰ ਸਪੋਰਟ ਕਰੇਗਾ ਬਾਰਡ

ਪਿਚਾਈ ਨੇ ਕਿਹਾ ਕਿ ਅਸੀ ਬਹੁਤ ਛੇਤੀ ਬਾਰਡ ’ਚ ਹੋਰ ਜ਼ਿਆਦਾ ਭਾਰਤੀ ਭਾਸ਼ਾਵਾਂ ਦਾ ਸਪੋਰਟ ਪੇਸ਼ ਕਰਨ ਵਾਲੇ ਹਾਂ। ਬਾਰਡ ਗੂਗਲ ਦਾ ਏ. ਆਈ. ਚੈਟਬਾਟ ਹੈ, ਜਿਸ ਨੂੰ ਕੰਪਨੀ ਨੇ ‘ਗੂਗਲ ਆਈ. ਓ. 2023’ ਈਵੈਂਟ ਦੌਰਾਨ ਭਾਰਤ ਸਮੇਤ 180 ਦੇਸ਼ਾਂ ’ਚ ਲਾਂਚ ਕੀਤਾ ਹੈ।

ਇਹ ਵੀ ਪੜ੍ਹੋ : ਅਮਰੀਕਾ ਵਿਚ ਅਡਾਨੀ ਦੇ ਵੱਡੇ ਸ਼ੇਅਰਹੋਲਡਰਸ ਤੋਂ ਪੁੱਛਗਿੱਛ, ਖ਼ਬਰ ਆਉਂਦੇ ਹੀ 52000 ਕਰੋੜ ਸੁਆਹ

ਫਿਨਟੈੱਕ ’ਤੇ ਭਾਰਤ ਦੀ ਅਗਵਾਈ ਨੂੰ ਮਿਲੇਗੀ ਮਾਨਤਾ

ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਗਿਫਟ ਸਿਟੀ, ਗੁਜਰਾਤ ’ਚ ਗੂਗਲ ਫਿਨਟੈੱਕ ਗਲੋਬਲ ਆਪ੍ਰੇਸ਼ਨ ਸੈਂਟਰ ’ਚ ਗੂਗਲ ’ਚ ਗੂਗਲ ਪੇਅ ਅਤੇ ਹੋਰ ਉਤਪਾਦ ਸੰਚਾਲਨ ਦਾ ਸਮਰਥਨ ਕਰਨ ਵਾਲੀਆਂ ਅਤੇ ਵਿਸ਼ੇਸ਼ ਸੰਚਾਲਨ ’ਤੇ ਕੰਮ ਕਰਨ ਵਾਲੀਆਂ ਟੀਮਾਂ ਹੋਣਗੀਆਂ। ਬੁਲਾਰੇ ਨੇ ਕਿਹਾ, ‘‘ਇਹ ਫਿਨਟੈੱਕ ’ਤੇ ਭਾਰਤ ਦੀ ਅਗਵਾਈ ਨੂੰ ਮਾਨਤਾ ਦਿੰਦਾ ਹੈ ਅਤੇ ਭਾਰਤ, ਅਮਰੀਕਾ ਅਤੇ ਦੁਨੀਆ ਭਰ ’ਚ ਛੋਟੇ ਅਤੇ ਵੱਡੇ ਕਾਰੋਬਾਰਾਂ ਦਾ ਸਮਰਥਨ ਕਰੇਗਾ।

ਭਾਰਤ ਦੇ ਫਿਨਟੈੱਕ ਮਿਸ਼ਨ ਨੂੰ ਮਿਲੇਗਾ ਬੂਸਟਰ

ਗਿਫਟ ਸਿਟੀ ’ਚ ਆਈ. ਐੱਫ. ਐੱਸ. ਸੀ. ਏ. (ਇੰਟਰਨੈਸ਼ਨਲ ਫਾਈਨਾਂਸ਼ੀਅਲ ਸਰਵਿਸਿਜ਼ ਸੈਂਟਰ ਅਥਾਰਿਟੀ) ਦੇ ਡਿਵੈੱਲਪਮੈਂਟ ਡਾਇਰੈਕਟਰ ਦੀਪੇਸ਼ ਸ਼ਾਹ ਇਸ ਨੂੰ ਬਹੁਤ ਵੱਡੀ ਉਪਲਬਧੀ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਅਤੇ ਗਿਫਟ ਸਿਟੀ ਦੀ ਨੀਂਹ ਰੱਖੀ ਸੀ, ਉਦੋਂ ਗਿਫਟ ਸਿਟੀ ਦਾ ਫੁੱਲ ਫ਼ਾਰਮ ‘ਗੁਜਰਾਤ ਇੰਟਰਨੈਸ਼ਨਲ ਫਾਈਨਾਂਸ ਟੈੱਕ ਸਿਟੀ’ ਉਨ੍ਹਾਂ ਦੀ ਹੀ ਸੋਚ ਸੀ। ਦੁਨੀਆ ਫਾਈਨਾਂਸ਼ੀਅਲ ਟੈਕਨਾਲੌਜੀ ਦੀ ਦਿਸ਼ਾ ’ਚ ਅਗਾਂਹ ਵਧੇਗੀ, ਇਹ ਵਿਜ਼ਨ ਪ੍ਰਧਾਨ ਮੰਤਰੀ ਦਾ ਕਈ ਸਾਲ ਪਹਿਲਾਂ ਦਾ ਸੀ ਅਤੇ ਅੱਜ ਭਾਰਤ ਫਿਨਟੈੱਕ ਦੀ ਦਿਸ਼ਾ ’ਚ ਕਾਫ਼ੀ ਅੱਗੇ ਵਧ ਰਿਹਾ ਹੈ। ਗੂਗਲ ਦੇ ਆਉਣ ਨਾਲ ਇਸ ’ਚ ਵਾਧਾ ਹੋਵੇਗਾ। ਗਿਫਟ ਆਈ. ਐੱਫ. ਐੱਸ. ਸੀ. ਏ. ’ਚ ਫਿਨਟੈੱਕ ਅੱਗੇ ਵਧੇ ਇਸ ਦੇ ਲਈ ਅਸੀਂ ਵੀ ਸਕਾਰਾਤਮਕ ਕਦਮ ਚੁੱਕੇ ਹਨ।

ਇਹ ਵੀ ਪੜ੍ਹੋ : ਮਸਕ ਅਤੇ ਅੰਬਾਨੀ ਦਰਮਿਆਨ ਛਿੜੇਗੀ ‘ਜੰਗ’! ਭਾਰਤ ਆਉਣ ਲਈ ਬੇਤਾਬ ਸਟਾਰਲਿੰਕ ਇੰਟਰਨੈੱਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur