ਗੂਗਲ ਦੇ ਸੀ. ਈ. ਓ. ਅਮਰੀਕਾ ਦੀ ਕਾਨੂੰਨੀ ਕਮੇਟੀ ਦੇ ਸਾਹਮਣੇ ਪੇਸ਼

12/12/2018 9:00:48 AM

ਵਾਸ਼ਿੰਗਟਨ - ਦੁਨੀਆ ਦੇ ਪ੍ਰਮੁੱਖ ਸਰਚ ਇੰਜਨ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੁੰਦਰ ਪਿਚਾਈ ਨੇ ਡਾਟਾ ਚੋਰੀ ਤੇ ਹੋਰ ਮੁੱਦਿਆਂ ਨੂੰ ਲੈ ਕੇ ਅਮਰੀਕੀ ਸੰਸਦ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਉਨ੍ਹਾਂ ਗੂਗਲ ਦੇ ਸੋਸ਼ਲ ਨੈੱਟਵਰਕਿੰਗ ਪੋਰਟਲ ‘ਪਲੱਸ’ ਤੋਂ ਲੋਕਾਂ ਦੀਆਂ ਨਿੱਜੀ ਜਾਣਕਾਰੀਆਂ ਦੇ ਲੀਕ ਹੋਣ ’ਤੇ ਕੰਪਨੀ ਵਲੋਂ ਚੁੱਕੇ ਗਏ ਕਦਮਾਂ ਬਾਰੇ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਅਮਰੀਕੀ ਸੰਸਦ ਮੈਂਬਰਾਂ ਦੇ ਉਨ੍ਹਾਂ ਸਵਾਲਾਂ ਦਾ ਵੀ ਜਵਾਬ ਦਿੱਤਾ, ਜਿਸ ’ਚ ਪੁੱਛਿਆ ਗਿਆ ਸੀ ਕਿ ਉਹ ਚੀਨ ਦੇ ਬਾਜ਼ਾਰ ’ਚ ਫਿਰ ਤੋਂ ਦਾਖਲੇ ਲਈ ਉੱਥੋਂ ਦੀ ਸਰਕਾਰ ਦੀਆਂ ਮੰਗਾਂ ਨੂੰ ਮੰਨ ਸਕਦੀ ਹੈ।    

ਸੰਸਦ ਦੀ ਕਾਨੂੰਨੀ ਕਮੇਟੀ ਦੇ ਸਾਹਮਣੇ ਪੇਸ਼ ਤੋਂ ਪਹਿਲਾਂ ਪਿਚਾਈ ਨੇ ਅਮਰੀਕੀ ਚੋਣਾਂ ਨੂੰ ਪ੍ਰਭਾਵਿਤ ਕਰਨ ’ਚ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਦੀ ਭੂਮਿਕਾ ਨੂੰ ਲੈ ਕੇ ਬਿਆਨ ਦੇਣ ਲਈ ਸੀਨੇਟ ਦੀ ਇਕ ਕਮੇਟੀ ਦੇ ਸੱਦੇ ਨੂੰ ਅਪ੍ਰਵਾਨ ਕਰ ਦਿੱਤਾ ਸੀ। ਅਕਤੂਬਰ ’ਚ ਗੂਗਲ ਨੇ ਆਪਣੀ ਸੋਸ਼ਲ ਮੀਡੀਆ ਵੈੱਬਸਾਈਟ ‘ਪਲੱਸ’ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਕੰਪਨੀ ਨੇ ਮਾਰਚ ’ਚ ਇਸ ਵੈੱਬਸਾਈਟ ਰਾਹੀਂ ਲਗਭਗ 5 ਲੱਖ ਲੋਕਾਂ ਦੀ ਨਿੱਜੀ ਸੂਚਨਾ ਦੇ ਚੋਰੀ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਇਹ ਐਲਾਨ ਕੀਤਾ ਸੀ।