ਹੋਮ ਲੋਨ ਲੈਣ ਵਾਲਿਆ ਲਈ ਖੁਸ਼ਖਬਰੀ, ਸਰਕਾਰ ਨੇ ਲਿਆ ਇਹ ਵੱਡਾ ਫੈਸਲਾ

09/22/2017 8:29:22 PM

ਨਵੀਂ ਦਿੱਲੀ— ਪ੍ਰਧਾਨਮੰਤਰੀ ਰਿਹਾਇਸ਼ ਯੋਜਨਾ (ਅਰਬਨ) ਦੇ ਤਹਿਤ ਮਿਡਲ ਇਨਕਮ ਗਰੁੱਪ ਨੂੰ ਹੋਮ ਲੋਨ 'ਤੇ ਮਿਲਣ ਵਾਲੀ ਵਿਆਜ਼ ਸਬਸਿਡੀ ਸਕੀਮ ਦਾ ਫਾਇਦਾ ਅਗਲੇ 15 ਮਹੀਨੇ ਤੱਕ ਹੋਰ ਚੁੱਕਿਆ ਜਾ ਸਕਦਾ ਹੈ। ਇਹ ਸਕੀਮ 31 ਦਸੰਬਰ ਨੂੰ ਖਤਮ ਹੋਣੀ ਸੀ, ਪਰ ਹੁਣ ਇਸ ਨੂੰ 31 ਮਾਰਚ ਤੱਕ ਵਧਾ ਦਿੱਤਾ ਗਿਆ ਹੈ। ਇਸ ਸਕੀਮ ਦੇ ਤਹਿਤ 2 ਲੱਖ 60 ਹਜ਼ਾਰ ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ। ਮਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ ਦੇ ਸੈਕਟਰੀ ਦੁਰਗਾ ਸ਼ੰਕਰ ਮਿਸ਼ਰਾ ਨੇ ਸ਼ੁੱਕਰਵਾਰ ਨੂੰ ਨੈਸ਼ਨਲ ਐਸੋਸੀਏਸ਼ਨ ਆਫ ਰੀਅਲ ਐਸਟੇਟ ਡਿਵਲੈਪਮੈਂਟ ਕੌਂਸਿਲ (ਨਾਰੇਡਕੋ) ਵਲੋਂ ਆਯੋਜਿਤ ਸਮਿਟ 'ਚ ਇਹ ਜਾਣਕਾਰੀ ਦਿੱਤੀ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ 31 ਦਸੰਬਰ 2016 ਨੂੰ ਆਪਣੇ ਭਾਸ਼ਣ 'ਚ ਐਲਾਨ ਕੀਤਾ ਸੀ ਕਿ ਮਿਡਲ ਇਕਮਨ ਗਰੁੱਪ ਨੂੰ ਵੀ ਹੋਮ ਲੋਨ ਸਬਸਿਡੀ ਦਾ ਲਾਭ ਦਿੱਤਾ ਜਾਵੇਗਾ।
ਇਸ ਤੋਂ ਬਾਅਦ ਮਨਿਸਟਰੀ ਆਫ ਹਾਊਸਿੰਗ ਨੇ ਕਰੈਡਿਟ ਲਿੰਕਡ ਸਬਸਿਡੀ ਸਕੀਮ (ਸੀ. ਐੱਲ. ਐੱਸ. ਐੱਸ.) ਦਾ ਲਾਭ 6 ਲੱਖ ਅਤੇ 12 ਲੱਖ ਰੁਪਏ ਸਾਲਾਨਾ ਇਨਕਮ ਵਾਲੇ ਲੋਕਾਂ ਨੂੰ ਦੇਣ ਦੀ ਪਾਲਿਸੀ ਜਾਰੀ ਕੀਤੀ ਸੀ, ਪਰ ਉਸ ਸਮੇਂ ਕਿਹਾ ਗਿਆ ਸੀ ਕਿ ਮਿਡਲ ਇਨਕਮ ਗਰੁੱਪ ਲਈ 31 ਦਸੰਬਰ 2017 ਤੱਕ ਹੀ ਲਾਭ ਦਿੱਤਾ ਜਾਵੇਗਾ। ਮਿਡਲ ਇਨਕਮ ਗਰੁੱਪ ਨੂੰ ਦੋ ਕੈਟਾਗਿਰੀ 'ਚ ਵੰਡਿਆ ਗਿਆ। 6 ਤੋਂ 12 ਲੱਖ ਰੁਪਏ ਤੱਕ ਦੀ ਆਮਦਨ ਵਰਗ ਦੇ ਲੋਕਾਂ ਨੂੰ ਹੋਮ ਲੋਨ ਦੇ ਵਿਆਜ਼ 'ਤੇ 4 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। 12 ਤੋਂ 18 ਲੱਖ ਰੁਪਏ ਦੀ ਆਮਦਨ ਵਰਗ ਦੇ ਲੋਕਾਂ ਨੂੰ ਹੋਮ ਲੋਨ 'ਤੇ 3 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ।
ਕਰੈਡਿਟ ਲਿੰਕਡ ਸਬਸਿਡੀ ਸਕੀਮ (ਸੀ. ਐੱਲ. ਐੱਸ. ਐੱਸ.) ਦੀ ਸ਼ੁਰੂਆਤ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮਈ 2015 'ਚ ਕੀਤੀ ਸੀ। ਇਸ ਸਕੀਮ ਦੇ ਤਹਿਤ ਈ.ਡਬਲਯੂ. ਐੱਸ. ਅਤੇ ਐੱਲ. ਆਈ. ਜੀ. ਕੈਟਾਗਿਰੀ ਦੇ ਲੋਕਾਂ ਨੂੰ ਹੋਮ ਲੋਨ 'ਤੇ 6.5 ਫੀਸਦੀ ਤੱਕ ਵਿਆਜ਼ ਸਬਸਿਡੀ ਦਿੱਤੀ ਜਾਂਦੀ ਹੈ। ਈ. ਡਬਲਯੂ. ਐੱਸ. ਦਾ ਮਤਲਬ 3 ਲੱਖ ਰੁਪਏ ਸਾਲਾਨਾ ਅਤੇ ਐੱਲ. ਆਈ. ਜੀ. ਕੈਟਾਗਿਰੀ ਦਾ ਮਤਲਬ 6 ਲੱਖ ਰੁਪਏ ਸਾਲਾਨਾ ਇਨਕਮ ਨਾਲ ਹੈ। ਇਹ ਸਬਸਿਡੀ ਸਿਰਫ ਉਸ ਨੂੰ ਦਿੱਤੀ ਜਾਂਦੀ ਹੈ ਜੋਂ ਪਹਿਲੀ ਵਾਰ ਘਰ ਲੈ ਰਿਹਾ ਹੈ, ਯਾਨੀ ਕਿ ਆਵੇਦਨ ਜਾ ਉਸ ਦੇ ਪਰਿਵਾਰ ਦੇ ਕਿਸੇ ਮੈਂਬਰ ਦੇ ਨਾਂ 'ਤੇ ਕੋਈ ਘਰ ਨਾ ਹੋਵੇ।