ਇਸ ਤਿਮਾਹੀ ਵਿਆਹ ਦੇ ਸ਼ੁੱਭ ਦਿਨਾਂ ''ਚ ਚਮਕੇਗਾ ਸੋਨਾ, ਘੱਟ ਕੀਮਤ ਕਾਰਨ ਵਧੇਗੀ ਮੰਗ

05/03/2019 11:21:38 AM

ਮੁੰਬਈ — ਇਸ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ਭਾਰਤੀ ਅਰਥ-ਵਿਵਸਥਾ ਲਈ ਸ਼ੁੱਭ ਸੰਕੇਤ ਲੈ ਕੇ ਆ ਰਹੀ ਹੈ। ਵਰਲਡ ਗੋਲਡ ਕੌਂਸਲ ਦੀ ਰਿਪੋਰਟ ਮੁਤਾਬਕ ਇਸ ਸਾਲ ਦੀ ਅਪ੍ਰੈਲ ਤੋਂ ਜੂਨ ਤੱਕ ਦੀ ਤਿਮਾਹੀ 'ਚ ਪਿਛਲੇ ਸਾਲ ਦੀ ਇਸੇ ਤਿਮਾਹੀ ਮੁਕਾਬਲੇ ਸੋਨੇ ਦੀ ਮੰਗ ਵਧ ਸਕਦੀ ਹੈ। ਰਿਪੋਰਟ ਮੁਤਾਬਕ ਇਸ ਵਾਰ ਜੂਨ ਤਿਮਾਹੀ ਵਿਚ ਵਿਆਹ ਲਈ ਸ਼ੁੱਭ ਦਿਨਾਂ ਦੀ ਸੰਖਿਆ ਜ਼ਿਆਦਾ ਅਤੇ ਸੋਨੇ ਦੀ ਕੀਮਤ ਘੱਟ ਹੋਣ ਕਾਰਨ ਸੋਨੇ ਦੀ ਖਰੀਦਦਾਰੀ ਨੂੰ ਉਤਸ਼ਾਹ ਮਿਲਣ ਦੇ ਆਸਾਰ ਦਿਖਾਈ ਦੇ ਰਹੇ ਹਨ। ਦੂਜੇ ਪਾਸੇ 7 ਮਈ ਨੂੰ ਆਉਣ ਵਾਲੀ ਅਕਸ਼ੇ ਤ੍ਰਿਤੀਆ 'ਤੇ ਵੀ ਕੀਮਤ ਘੱਟ ਹੋਣ ਕਾਰਨ ਸੋਨੇ ਦੀ ਭਾਰੀ ਖਰੀਦਦਾਰੀ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

ਸੋਨਾ ਇਸ ਸਮੇਂ ਆਪਣੇ ਚਾਰ ਮਹੀਨੇ ਦੇ ਹੇਠਲੇ ਪੱਧਰ 'ਤੇ ਬਣਿਆ ਹੋਇਆ ਹੈ। ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਕ ਇਸ ਸਾਲ ਵਿਆਹ ਲਈ ਸ਼ੁੱਭ ਦਿਨਾਂ ਦੀ ਸੰਖਿਆ 37 ਹੈ ਜਦੋਂਕਿ ਪਿਛਲੇ ਸਾਲ ਸ਼ੁੱਭ ਦਿਨਾਂ ਦੀ ਸੰਖਿਆ ਸਿਰਫ 21 ਸੀ। ਯਾਨੀ ਕਿ ਇਸ ਸਾਲ ਸ਼ੁੱਭ ਦਿਨਾਂ ਦੀ ਸੰਖਿਆ 16 ਦਿਨ ਜ਼ਿਆਦਾ ਹੈ। ਇਨ੍ਹਾਂ ਫੈਕਟਰ ਦੇ ਆਧਾਰ 'ਤੇ ਕੌਂਸਲ ਮੁਤਾਬਕ ਭਾਰਤ ਵਿਚ ਸੋਨੇ ਦੀ ਮੰਗ ਵਧੇਗੀ ਅਤੇ ਦੁਨੀਆ ਭਰ ਵਿਚ ਇਸ ਦੀ ਕੀਮਤ ਸੁਧਰੇਗੀ। ਸੋਨ ਦੀ ਮੰਗ ਵਧਣ ਕਾਰਨ ਇਸ ਦੀ ਕੀਮਤ 'ਤੇ ਪੈਣ ਵਾਲਾ ਅਸਰ ਆਉਣ ਵਾਲੇ ਸਮੇਂ 'ਚ ਦਿਖਾਈ ਦੇਵੇਗਾ। 

ਦੂਜੇ ਪਾਸੇ ਅਮਰੀਕੀ ਫੈਡਰਲ ਰਿਜ਼ਰਵ ਨੇ ਵਿਆਜ ਦਰਾਂ ਨਹੀਂ ਘਟਾਈਆਂ ਹਨ। ਇਸ ਨਾਲ ਅੰਤਰਰਾਸ਼ਟਰੀ ਬਜ਼ਾਰ ਵਿਚ ਸੋਨੇ ਦੀ ਕੀਮਤ ਘੱਟ ਸਕਦੀ ਹੈ। ਨਤੀਜੇ ਵਜੋਂ ਭਾਰਤ ਵਿਚ ਵੀ ਸੋਨਾ ਸਸਤਾ ਹੋ ਸਕਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਸੋਨ ਦੇ ਮੰਗ 'ਚ 20 ਫੀਸਦੀ ਤੱਕ ਦਾ ਵੀ ਵਾਧਾ ਹੁੰਦਾ ਹੈ ਤਾਂ ਪ੍ਰਤੀ 10 ਗ੍ਰਾਮ ਸੋਨੇ ਦੀ ਕੀਮਤ 1000 ਰੁਪਏ ਤੱਕ ਵਧ ਸਕਦੀ ਹੈ।

ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਮਾਰਚ ਵਿਚ 13% ਵਧੀ ਗ੍ਰੋਥ

ਮਾਰਚ ਤਿਮਾਹੀ 'ਚ ਭਾਰਤ ਵਿਚ ਕੁੱਲ 159 ਟਨ ਸੋਨੇ ਦੀ ਮੰਗ ਰਹੀ। ਇਹ 2018 ਦੀ ਇਸੇ ਤਿਮਾਹੀ ਦੀ ਤੁਲਨਾ 'ਚ 5% ਜ਼ਿਆਦਾ ਹੈ। ਉਸ ਸਮੇਂ ਮੰਗ 151.5 ਟਨ ਰਹੀ ਸੀ। ਵੈਲਿਊ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ 13% ਦੀ ਗ੍ਰੋਥ ਦਰਜ ਕੀਤੀ ਗਈ। ਮਾਰਚ ਤਿਮਾਹੀ 'ਚ ਕੁੱਲ 47,010 ਕਰੋੜ ਰੁਪਏ ਸੋਨੇ ਦੀ ਮੰਗ ਰਹੀ। ਮਾਰਚ ਤਿਮਾਹੀ 'ਚ ਵਿਆਹ ਲਈ ਸ਼ੁੱਭ ਦਿਨਾਂ ਦੀ ਸੰਖਿਆ 21 ਸੀ। ਪਿਛਲੇ ਸਾਲ ਇਹ ਸੰਖਿਆ ਸਿਰਫ 8 ਸੀ। 

ਸੋਨੇ ਦੇ ਗਹਿਣਿਆਂ ਦੀ ਮੰਗ 5% ਵਧੀ

2019 ਦੀ ਪਹਿਲੀ ਤਿਮਾਹੀ 'ਚ ਸੋਨੇ ਦੇ ਗਹਿਣਿਆਂ ਦੀ ਮੰਗ 5% ਵਧੀ ਹੈ। ਇਸ ਸਮੇਂ ਦੌਰਾਨ  ਕੁੱਲ 125.4 ਟਨ ਸੋਨੇ ਦੇ ਗਹਿਣਿਆਂ ਦੀ ਮੰਗ ਰਹੀ। 2018 ਦੀ ਮਾਰਚ ਤਿਮਾਹੀ 'ਚ ਸੋਨੇ ਦੇ ਗਹਿਣਿਆਂ ਦੀ ਮੰਗ 119.2 ਟਨ ਰਹੀ ਸੀ। ਪਿਛਲੇ ਪੂਰੇ ਸਾਲ ਸੋਨੇ ਦੇ ਗਹਿਣਿਆਂ ਦੀ ਮੰਗ 'ਚ 1% ਦੀ ਕਮੀ ਦੇਖੀ ਗਈ।

ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਵਧੇਗੀ ਸੋਨੇ ਦੀ ਮੰਗ 

ਗੋਲਡ ਕੌਂਸਲ ਅਨੁਸਾਰ 2019 'ਚ ਭਾਰਤ ਵਿਚ ਸੋਨੇ ਦੀ ਮੰਗ 850 ਟਨ ਤੱਕ ਜਾ ਸਕਦੀ ਹੈ। ਪਿਛਲੇ ਸਾਲ ਇਹ 760.4 ਟਨ ਰਹੀ ਸੀ। 2018 'ਚ 2017 ਦੀ ਤੁਲਨਾ 'ਚ ਮੰਗ 'ਚ 1.40 ਫੀਸਦੀ ਦੀ ਕਮੀ ਰਹੀ ਸੀ। 2019 ਦੀ ਪਹਿਲੀ ਤਿਮਾਹੀ 'ਚ ਆਯਾਤ 'ਚ 11% ਦਾ ਵਾਧਾ ਹੋਇਆ।

ਦੁਨੀਆ ਭਰ 'ਚ ਵਧ ਰਹੀ ਸੋਨੇ ਦੀ ਮੰਗ

ਦੁਨੀਆ ਭਰ 'ਚ ਇਸ ਸਾਲ ਦੀ ਪਹਿਲੀ ਤਿਮਾਹੀ 'ਚ ਸੋਨੇ ਦੀ ਮੰਗ 'ਚ 7% ਤੱਕ ਦਾ ਵਾਧਾ ਹੋਇਆ ਹੈ। ਜਨਵਰੀ ਤੋਂ ਮਾਰਚ ਤੱਕ ਕੁੱਲ 1,053 ਟਨ ਸੋਨੇ ਦੀ ਮੰਗ ਰਹੀ। ਕਈ ਦੇਸ਼ਾਂ ਦੇ ਸੈਂਟਰਲ ਬੈਂਕਾਂ ਦੁਆਰਾ ਸੋਨੇ ਦੀ ਜ਼ਿਆਦਾ ਖਰੀਦਦਾਰੀ ਅਤੇ ਸੋਨਾ ਸਮਰਥਿਤ ਈ.ਟੀ.ਐਫ. 'ਚ ਗ੍ਰੋਥ ਕਾਰਨ ਅਜਿਹਾ ਹੋਇਆ ਹੈ। ਸੈਂਟਰਲ ਬੈਂਕਾਂ ਨੇ ਇਸ ਤਿਮਾਹੀ 'ਚ 145.5 ਟਨ ਸੋਨਾ ਖਰੀਦਿਆ। ਸਾਲ 2018 'ਚ ਸੋਨੇ ਦੀ ਮੰਗ 984.2 ਟਨ ਰਹੀ ਸੀ।