ਕਮਜ਼ੋਰ ਮੰਗ ਕਾਰਨ ਸਰਾਫਾ ਬਜ਼ਾਰ ''ਚ ਸੋਨਾ ਫਿਸਲਿਆ

11/22/2019 4:34:22 PM

ਨਵੀਂ ਦਿੱਲੀ — ਵਿਆਹ ਦਾ ਸੀਜ਼ਨ ਹੋਣ ਦੇ ਬਾਵਜੂਦ ਗਹਿਣਿਆਂ ਦੀ ਮੰਗ ਘੱਟ ਰਹਿਣ ਕਾਰਨ ਦਿੱਲੀ ਸਰਾਫਾ ਬਜ਼ਾਰ 'ਚ ਸੋਨਾ ਸ਼ੁੱਕਰਵਾਰ ਨੂੰ 85 ਰੁਪਏ ਟੁੱਟ ਕੇ 39,485 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਇਸ ਦੇ ਨਾਲ ਹੀ ਚਾਂਦੀ 135 ਰੁਪਏ ਦੀ ਮਜ਼ਬੂਤੀ ਦੇ ਨਾਲ 46,285 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਅੰਤਰਰਾਸ਼ਟਰੀ ਬਜ਼ਾਰ 'ਚ ਦੋਵੇਂ ਕੀਮਤੀ ਧਾਤੂਆਂ 'ਚ ਰਹੀ ਤੇਜ਼ੀ ਵੀ ਸਥਾਨਕ ਪੱਧਰ 'ਤੇ ਪੀਲੀ ਧਾਤ ਨੂੰ ਟੁੱਟਣ ਤੋਂ ਬਚਾ ਨਹੀਂ ਸਕੀ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਅਤੇ ਚੀਨ ਵਿਚਕਾਰ ਵਪਾਰਕ ਜੰਗ ਨੂੰ ਲੈ ਕੇ ਅਨਿਸ਼ਚਿਤਤਾ ਕਾਇਮ ਰਹਿਣ ਨਾਲ ਉਥੇ ਸੋਨਾ ਵਾਧੇ 'ਚ ਰਿਹਾ। ਸੋਨਾ ਹਾਜਿਰ 6.75 ਡਾਲਰ ਚੜ੍ਹ ਕੇ 1,471.60 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਹੈ ਕਿ ਚੀਨ ਅਮਰੀਕਾ ਦੇ ਨਾਲ ਕਰੀਬ ਸਾਲ ਭਰ ਤੋਂ ਜਾਰੀ ਵਪਾਰਕ ਜੰਗ ਖਤਮ ਕਰਨ ਲਈ ਸਮਝੌਤੇ ਦਾ ਇੱਛੁਕ ਤਾਂ ਹੈ, ਪਰ ਜੇਕਰ ਅਮਰੀਕਾ ਟੈਕਸ ਵਧਾਉਂਦਾ ਹੈ ਤਾਂ ਉਹ ਵੀ ਬਦਲੇ 'ਚ ਕਾਰਵਾਈ ਕਰੇਗਾ। ਇਸ ਨਾਲ ਪ੍ਰਸਤਾਵਿਤ ਸਮਝੌਤੇ ਨੂੰ ਲੈ ਕੇ ਅਨਿਸ਼ਚਿਤਤਾ ਵਧ ਗਈ ਹੈ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 7.30 ਡਾਲਰ ਚਮਕ ਕੇ 1,470.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜਿਰ 0.10 ਡਾਲਰ ਚੜ੍ਹ ਕੇ 17.19 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।