ਸੋਨਾ 45 ਰੁਪਏ ਫਿਸਲਿਆ, ਚਾਂਦੀ 20 ਰੁਪਏ ਕਮਜ਼ੋਰ

12/30/2019 4:48:10 PM

ਨਵੀਂ ਦਿੱਲੀ — ਵਿਦੇਸ਼ਾਂ 'ਚ ਪੀਲੀ ਧਾਤ 'ਚ ਰਹੀ ਗਿਰਾਵਟ ਕਾਰਨ ਦਿੱਲੀ ਸਰਾਫਾ ਬਜ਼ਾਰ 'ਚ ਸੋਨਾ ਸੋਮਵਾਰ ਨੂੰ 45 ਰੁਪਏ ਟੁੱਟ ਕੇ 40,350 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਚਾਂਦੀ ਵੀ 20 ਰੁਪਏ ਦੀ ਗਿਰਾਵਟ ਦੇ ਨਾਲ 47,780 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ।
ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੁਰੂਆਤੀ ਤੇਜ਼ੀ ਦੇ ਬਾਅਦ ਅੱਜ ਸੋਨੇ 'ਚ ਗਿਰਾਵਟ ਰਹੀ। ਸੋਨਾ ਹਾਜਿਰ 2.25 ਡਾਲਰ ਦੀ ਗਿਰਾਵਟ ਦੇ ਨਾਲ 1,512.90 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਇਸ ਤੋਂ ਪਹਿਲਾਂ ਇਕ ਸਮੇਂ ਇਹ 1,516.90 ਡਾਲਰ ਪ੍ਰਤੀ ਔਂਸ ਦੇ ਪੱਧਰ ਤੱਕ ਮਜ਼ਬੂਤ ਹੋਇਆ ਸੀ ਜਿਹੜਾ ਕਿ 26 ਅਕਤੂਬਰ ਦੇ ਬਾਅਦ ਦਾ ਉੱਚ ਪੱਧਰ ਹੈ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ 2.10 ਡਾਲਰ ਫਿਸਲ ਕੇ 1,516 ਡਾਲਰ ਪ੍ਰਤੀ ਔਂਸ ਬੋਲਿਆ ਗਿਆ।
ਬਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਪੱਛਮੀ ਏਸ਼ੀਆ 'ਚ ਅਮਰੀਕੀ ਫੌਜ ਵਲੋਂ ਕਾਰਵਾਈ ਦੇ ਕਾਰਨ ਸ਼ੁਰੂ 'ਚ ਸੋਨੇ ਵਿਚ ਤੇਜ਼ੀ ਰਹੀ, ਪਰ ਸਾਲ ਦੇ ਅੰਤ 'ਚ ਕਾਰੋਬਾਰ ਸੁਸਤ ਰਹਿਣ ਨਾਲ ਇਹ ਉੱਚ ਪੱਧਰ 'ਤੇ ਟਿਕ ਨਹੀਂ ਸਕਿਆ। ਅੰਤਰਰਾਸ਼ਟਰੀ ਬਜ਼ਾਰ 'ਚ ਚਾਂਦੀ ਹਾਜਿਰ 0.13 ਡਾਲਰ ਚਮਕ ਕੇ 17.86 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।