10 ਗ੍ਰਾਮ ਸੋਨਾ ਹੁਣ ਫਿਰ ਢਿੱਲੀ ਕਰ ਸਕਦਾ ਹੈ ਜੇਬ, ਇੰਨੀ ਹੋਈ ਕੀਮਤ

03/16/2021 3:34:06 PM

ਨਵੀਂ ਦਿੱਲੀ- ਸੋਨਾ ਇਕ ਵਾਰ ਫਿਰ ਮਹਿੰਗਾ ਹੋਣ ਲੱਗਾ ਹੈ। 24 ਕੈਰੇਟ ਸੋਨਾ 45 ਹਜ਼ਾਰ ਦੇ ਨਜ਼ਦੀਕ ਪਹੁੰਚ ਰਿਹਾ ਹੈ। ਗਲੋਬਲ ਪੱਧਰ 'ਤੇ ਬਹੁਮੁੱਲੀ ਧਾਤਾਂ ਦੇ ਰੁਖ਼ ਅਨੁਸਾਰ ਮੰਗਲਵਾਰ ਨੂੰ ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਸੋਨੇ ਦੀ ਵਾਇਦਾ ਕੀਮਤ ਕਾਰੋਬਾਰ ਦੌਰਾਨ 45,047 ਰੁਪਏ ਤੱਕ ਦਾ ਪੱਧਰ ਛੂਹ ਚੁੱਕੀ ਹੈ ਅਤੇ ਫਿਲਹਾਲ 44,960 ਪ੍ਰਤੀ ਦਸ ਗ੍ਰਾਮ ਦੇ ਆਸਪਾਸ ਚੱਲ ਰਹੀ ਹੈ। ਇਸੇ ਮਹੀਨੇ ਸੋਨੇ ਦੀ ਵਾਇਦਾ ਕੀਮਤ 8 ਮਾਰਚ ਨੂੰ 44,218 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ ਸੀ।

ਉੱਥੇ ਹੀ, ਦੂਜੇ ਪਾਸੇ ਚਾਂਦੀ ਵਿਚ ਦੁਪਹਿਰ ਬਾਅਦ ਤਕਰੀਬਨ 3.12 ਵਜੇ 341 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ 67,328 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ। ਪਿਛਲੇ ਸੈਸ਼ਨ ਵਿਚ ਚਾਂਦੀ 67,669 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ।

ਕੌਮਾਂਤਰੀ ਬਾਜ਼ਾਰ ਵਿਚ ਕਾਮੈਕਸ 'ਤੇ ਸੋਨਾ ਯੂ. ਐੱਸ. ਫੈਡਰਲ ਰਿਜ਼ਰਵ ਦੀ ਮੀਟਿੰਗ ਤੋਂ ਪਹਿਲਾਂ ਲਗਭਗ ਸਥਿਰ ਕਾਰੋਬਾਰ ਕਰ ਰਿਹਾ ਹੈ। ਇਸ ਦੌਰਾਨ ਕੌਮਾਂਤਰੀ ਪੱਧਰ 'ਤੇ ਸੋਨਾ 0.1 ਫ਼ੀਸਦੀ ਦੀ ਮਾਮੂਲੀ ਬੜ੍ਹਤ ਨਾਲ 1,730 ਡਾਲਰ ਪ੍ਰਤੀ ਔਂਸ 'ਤੇ, ਜਦੋਂ ਕਿ ਚਾਂਦੀ 0.5 ਫ਼ੀਸਦੀ ਦੀ ਗਿਰਾਵਟ ਨਾਲ 26.15 ਡਾਲਰ ਪ੍ਰਤੀ ਔਂਸ 'ਤੇ ਦੇਖਣ ਨੂੰ ਮਿਲੀ। ਬਾਂਡ ਯੀਲਡ ਵਧਣ ਅਤੇ ਮਹਿੰਗਾਈ ਦੀ ਚਿੰਤਾ ਵਿਚਕਾਰ ਯੂ. ਐੱਸ. ਫੈਡਰਲ ਰਿਜ਼ਰਵ ਦੀ ਦੋ ਰੋਜ਼ਾ ਮੀਟਿੰਗ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਹੈ, ਨਿਵੇਸ਼ਕਾਂ ਨੂੰ ਇਸ ਤੋਂ ਮਿਲਣ ਵਾਲੇ ਸੰਕੇਤਾਂ ਦੀ ਉਡੀਕ ਹੈ।

Sanjeev

This news is Content Editor Sanjeev