ਸੋਨੇ 'ਚ ਇਸ ਦਿਨ ਤੋਂ ਹੋ ਸਕਦਾ ਹੈ ਭਾਰੀ ਵਾਧਾ, ਜਾਣੋ ਅੱਜ ਦਾ ਮੁੱਲ

10/01/2020 6:44:29 PM

ਨਵੀਂ ਦਿੱਲੀ— ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਵੀਰਵਾਰ ਨੂੰ ਬੜ੍ਹਤ ਦੇਖਣ ਨੂੰ ਮਿਲੀ। ਐੱਮ. ਸੀ. ਐਕਸ. 'ਤੇ ਸੋਨੇ ਦੀ ਕੀਮਤ 50,478 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ, ਜੋ ਪਿਛਲੇ ਕਾਰੋਬਾਰੀ ਦਿਨ 50,334 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਹੀ ਸੀ।

ਇਸ ਦੌਰਾਨ ਚਾਂਦੀ ਕੱਲ ਦੇ ਬੰਦ ਪੱਧਰ 59,919 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਕੇ ਅੱਜ 60,797 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਹਾਲਾਂਕਿ, ਸੋਨਾ ਹੁਣ ਵੀ 7 ਅਗਸਤ ਦੇ ਰਿਕਾਰਡ ਉੱਚ ਪੱਧਰ 56,200 ਰੁਪਏ ਤੋਂ ਘੱਟ ਕੀਮਤ 'ਤੇ ਚੱਲ ਰਿਹਾ ਹੈ ਅਤੇ ਚਾਂਦੀ ਲਗਭਗ 80,000 ਰੁਪਏ ਦੇ ਉੱਚ ਪੱਧਰ ਤੋਂ ਤਕਰੀਬਨ 20 ਹਜ਼ਾਰ ਰੁਪਏ ਹੇਠਾਂ ਹੈ। 14 ਨਵੰਬਰ ਨੂੰ ਧਨਤੇਰਸ ਦੇ ਨਾਲ ਹੀ ਤਿਉਹਾਰੀ ਮੌਸਮ ਸ਼ੁਰੂ ਹੋਣ 'ਤੇ ਸੋਨੇ ਦੀ ਖਰੀਦਦਾਰੀ 'ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਇਸ ਦਿਨ ਲੋਕ ਸੋਨਾ ਖਰੀਦਣ ਨੂੰ ਸ਼ੁੱਭ ਮੰਨਦੇ ਹਨ ਅਤੇ ਮੌਜੂਦਾ ਸਮੇਂ ਇਹ ਰਿਕਾਰਡ ਉੱਚ ਪੱਧਰ ਤੋਂ ਕਾਫ਼ੀ ਹੇਠਾਂ ਹੈ, ਲਿਹਾਜਾ ਮੰਗ ਨੂੰ ਸਮਰਥਨ ਮਿਲਣ ਨਾਲ ਸੋਨਾ ਮਹਿੰਗਾ ਹੋ ਸਕਦਾ ਹੈ।

ਵਿਸ਼ਲੇਸ਼ਕ ਪਹਿਲਾਂ ਹੀ ਇਹ ਕਹਿ ਰਹੇ ਹਨ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਪੈਦਾ ਹੋਏ ਹਾਲਾਤ ਅਤੇ ਆਰਥਿਕ ਸਥਿਤੀ ਸੋਨੇ ਨੂੰ ਹੇਠਲੇ ਪੱਧਰ 'ਤੇ ਵੀ ਆਕਰਸ਼ਕ ਬਣਾ ਰਹੇ ਹਨ। ਹਾਲ ਹੀ 'ਚ ਸੋਨਾ ਐੱਮ. ਸੀ. ਐਕਸ. 'ਤੇ 49,200 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਸੀ, ਜੋ ਹੁਣ ਦੁਬਾਰਾ 50,000 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਹੈ। ਲੰਮੀ ਮਿਆਦ 'ਚ ਸੋਨਾ-ਚਾਂਦੀ ਦੀਆਂ ਕੀਮਤਾਂ ਵਧਣ ਦਾ ਹੀ ਅਨੁਮਾਨ ਜਤਾਇਆ ਜਾ ਰਿਹਾ ਹੈ। ਉੱਥੇ ਹੀ, ਡਾਲਰ 'ਚ ਨਰਮੀ ਨਾਲ ਵੀਰਵਾਰ ਨੂੰ ਕੌਮਾਂਤਰੀ ਬਾਜ਼ਾਰ 'ਚ ਸੋਨਾ 1,900 ਡਾਲਰ ਪ੍ਰਤੀ ਔਂਸ 'ਤੇ ਦੁਬਾਰਾ ਪਹੁੰਚ ਗਿਆ। ਨਿਵੇਸ਼ਕਾਂ ਨੂੰ ਉਮੀਦ ਹੈ ਕਿ ਅਮਰੀਕਾ ਅਰਥਚਾਰੇ ਦੀ ਸਹਾਇਤਾ ਲਈ ਹੋਰ ਵਿੱਤ ਉਪਾਅ ਕਰ ਸਕਦਾ ਹੈ।

ਹਾਜ਼ਰ ਬਾਜ਼ਾਰ-
ਗਲੋਬਲ ਬਾਜ਼ਾਰਾਂ 'ਚ ਤੇਜ਼ੀ ਦੇ ਰੁਖ਼ ਮੁਤਾਬਕ, ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ ਮਾਮੂਲੀ 37 ਰੁਪਏ ਵੱਧ ਕੇ 51,389 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ। ਉੱਥੇ ਹੀ, ਚਾਂਦੀ 915 ਦੀ ਗਿਰਾਵਟ ਨਾਲ 61,423 ਰੁਪਏ ਪ੍ਰਤੀ ਕਿਲੋਗਾਮ 'ਤੇ ਆ ਗਈ।

Sanjeev

This news is Content Editor Sanjeev