ਸੋਨਾ-ਚਾਂਦੀ ਕੀਮਤਾਂ 'ਚ ਭਾਰੀ ਉਛਾਲ, ਤੁਹਾਡੀ ਇੰਨੀ ਢਿੱਲੀ ਹੋਵੇਗੀ ਜੇਬ

01/25/2020 3:33:13 PM

ਨਵੀਂ ਦਿੱਲੀ— ਸ਼ਨੀਵਾਰ ਨੂੰ ਸੋਨਾ ਤੇ ਚਾਂਦੀ ਕੀਮਤਾਂ 'ਚ ਵੱਡੀ ਮਜਬੂਤੀ ਦਰਜ ਹੋਈ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 320 ਰੁਪਏ ਦੀ ਛਲਾਂਗ ਲਾ ਕੇ 41,770 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ।

ਉੱਥੇ ਹੀ, ਚਾਂਦੀ ਵੀ 840 ਰੁਪਏ ਦੀ ਵੱਡੀ ਬੜ੍ਹਤ ਨਾਲ 48,300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਸੋਨਾ-ਚਾਂਦੀ ਕੀਮਤਾਂ 'ਚ ਇਹ ਲਗਾਤਾਰ ਤੀਜੇ ਦਿਨ ਮਜਬੂਤੀ ਦੇਖਣ ਨੂੰ ਮਿਲੀ ਹੈ। ਬੀਤੇ ਦਿਨ ਵਿਦੇਸ਼ੀ ਬਾਜ਼ਾਰਾਂ 'ਚ ਵੀ ਤੇਜ਼ੀ ਦਰਜ ਕੀਤੀ ਗਈ ਸੀ।

 

ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ, ਹਫਤੇ ਦੇ ਅੰਤਿਮ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਉੱਥੇ ਸੋਨਾ ਹਾਜ਼ਰ ਦੀ ਕੀਮਤ 10.70 ਡਾਲਰ ਚਮਕ ਕੇ 1,571.35 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਦੀ ਕੀਮਤ ਵੀ 5.90 ਡਾਲਰ ਦੀ ਮਜਬੂਤੀ ਨਾਲ 1,571.30 ਡਾਲਰ ਪ੍ਰਤੀ ਔਂਸ ਬੋਲੀ ਗਈ। ਬਾਜ਼ਾਰ ਮਾਹਰਾਂ ਮੁਤਾਬਕ, ਯੂਰਪ 'ਚ ਕੋਰੋਨਾ ਵਾਇਰਸ ਪਹੁੰਚਣ ਦੀ ਪੁਸ਼ਟੀ ਹੋਣ ਨਾਲ ਨਿਵੇਸ਼ਕਾਂ 'ਚ ਘਬਰਾਹਟ ਵਧੀ ਹੈ।
ਇਸ ਕਾਰਨ ਪੂੰਜੀ ਬਾਜ਼ਾਰ 'ਚ ਨਿਵੇਸ਼ ਕਮਜ਼ੋਰ ਹੋਇਆ ਹੈ ਤੇ ਉਨ੍ਹਾਂ ਨੇ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਸੋਨੇ ਦਾ ਰੁਖ਼ ਕੀਤਾ ਹੈ। ਇਸ ਨਾਲ ਸੋਨੇ ਦੀ ਕੀਮਤ 'ਚ ਤੇਜ਼ੀ ਆਈ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ ਵੀ 0.02 ਡਾਲਰ ਦੀ ਬੜ੍ਹਤ ਨਾਲ 18.08 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਕੋਰੋਨਾ ਵਾਇਰਸ ਵਿਸ਼ਵ ਭਰ 'ਚ ਹੁਣ ਤੱਕ 1,300 ਤੋਂ ਵੱਧ ਲੋਕਾਂ ਨੂੰ ਸੰਕਰਮਿਤ ਤੇ 41 ਦੀ ਜਾਨ ਲੈ ਚੁੱਕਾ ਹੈ। ਵਾਇਰਸ ਫੈਲਣ ਦੇ ਡਰੋਂ ਚੀਨ ਨੇ ਵੁਹਾਨ ਸਮੇਤ 17 ਸ਼ਹਿਰਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ, ਜਿਸ ਕਾਰਨ 4.5 ਕਰੋੜ ਲੋਕ ਘਰਾਂ 'ਚ ਹੀ ਰਹਿਣਗੇ। ਬਾਜ਼ਾਰ ਨੂੰ ਡਰ ਹੈ ਕਿ ਇਸ ਪ੍ਰਕੋਪ ਨਾਲ ਯਾਤਰਾ, ਤੇਲ ਦੀ ਮੰਗ ਅਤੇ ਚੀਨ ਦੇ ਆਰਥਿਕ ਵਿਕਾਸ ਨੂੰ ਝਟਕਾ ਲੱਗੇਗਾ।