ਸੋਨੇ ਦੀ ਕੀਮਤ 'ਚ 6ਵੇਂ ਦਿਨ ਉਛਾਲ, ਜਾਣੋ ਦਸ ਗ੍ਰਾਮ ਦਾ ਮੁੱਲ

01/21/2020 3:33:14 PM

ਨਵੀਂ ਦਿੱਲੀ— ਵਿਦੇਸ਼ਾਂ 'ਚ ਦੋਹਾਂ ਕੀਮਤੀ ਧਾਤਾਂ 'ਚ ਰਹੀ ਤੇਜ਼ੀ ਵਿਚਕਾਰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ ਲਗਾਤਾਰ 6ਵੇਂ ਦਿਨ ਮਜਬੂਤ ਹੋਈ ਹੈ।

ਸੋਨਾ 50 ਰੁਪਏ ਦੀ ਹੋਰ ਛਲਾਂਗ ਲਾ ਕੇ 41,470 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਜਾ ਪੁੱਜਾ। ਹਾਲਾਂਕਿ, ਚਾਂਦੀ ਦੀ ਕੀਮਤ 48,100 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰ ਰਹੀ। ਉੱਥੇ ਹੀ, ਦਿੱਲੀ ਦੇ ਲੋਕਲ ਬਾਜ਼ਾਰਾਂ 'ਚ ਸੋਨਾ ਭਟੂਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 41,300 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ। 8 ਗ੍ਰਾਮ ਵਾਲੀ ਗਿੰਨੀ 100 ਰੁਪਏ ਟੁੱਟ ਕੇ 30,800 ਰੁਪਏ 'ਤੇ ਆ ਗਈ।

 

ਲੰਡਨ ਤੇ ਨਿਊਯਾਰਕ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ, ਸੋਨਾ ਹਾਜ਼ਰ 5.66 ਡਾਲਰ ਚਮਕ ਕੇ 1,566.51 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਕਾਰੋਬਾਰ ਦੌਰਾਨ ਇਕ ਸਮੇਂ ਇਹ 1,568.35 ਡਾਲਰ ਪ੍ਰਤੀ ਔਂਸ ਤਕ ਵੀ ਪੁੱਜਾ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ 1.70 ਡਾਲਰ ਡਿੱਗ ਕੇ 1,558.60 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਮਾਹਰਾਂ ਮੁਤਾਬਕ ਚੀਨ 'ਚ ਕੋਰੋਨਾ ਵਾਇਰਸ ਫੈਲਣ ਕਾਰਨ ਵਿਸ਼ਵ ਭਰ 'ਚ ਮਚੀ ਹਲਚਲ ਕਾਰਨ ਵਿਦੇਸ਼ੀ ਬਾਜ਼ਾਰਾਂ 'ਚ ਗਿਰਾਵਟ ਰਹੀ। ਇਸ ਕਾਰਨ ਨਿਵੇਸ਼ਕਾਂ ਨੇ ਇਕੁਇਟੀ ਬਾਜ਼ਾਰ ਦੀ ਬਜਾਏ ਸੋਨੇ ਦਾ ਰੁਖ਼ ਕੀਤਾ, ਜਿਸ ਨਾਲ ਕੀਮਤਾਂ ਨੂੰ ਸਪੋਰਟ ਮਿਲੀ ਹੈ। ਕੌਮਾਂਤਰੀ ਬਾਜ਼ਾਰਾਂ 'ਚ ਚਾਂਦੀ ਵੀ 0.06 ਡਾਲਰ ਦੀ ਬੜ੍ਹਤ ਨਾਲ 18.12 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।