ਸੋਨਾ ਖਰੀਦਦਾਰਾਂ ਦੀ ਢਿੱਲੀ ਹੋਵੇਗੀ ਜੇਬ, ਚਾਂਦੀ ਵਿਚ ਵੀ ਭਾਰੀ ਉਛਾਲ

10/15/2019 2:52:03 PM

ਨਵੀਂ ਦਿੱਲੀ—  ਸੋਨਾ ਫਿਰ 40 ਹਜ਼ਾਰ ਰੁਪਏ ਹੋਣ ਦੇ ਬਿਲਕੁਲ ਨਜ਼ਦੀਕ ਹੈ। ਮੰਗਲਵਾਰ ਨੂੰ ਸਰਾਫਾ ਬਾਜ਼ਾਰ 'ਚ ਸੋਨੇ ਤੇ ਚਾਂਦੀ ਦੀ ਕੀਮਤ 'ਚ ਲਗਾਤਾਰ ਦੂਜੇ ਦਿਨ ਤੇਜ਼ੀ ਦਰਜ ਕੀਤੀ ਗਈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 200 ਰੁਪਏ ਵੱਧ ਕੇ 39,570 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਚਾਂਦੀ 450 ਰੁਪਏ ਦੀ ਛਲਾਂਗ ਲਾ ਕੇ 47,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

 

ਇਸ ਹਫਤੇ ਦੇ ਪਹਿਲੇ ਦੋ ਕਾਰੋਬਾਰੀ ਦਿਨਾਂ 'ਚ ਸੋਨਾ 430 ਰੁਪਏ ਤੇ ਚਾਂਦੀ 560 ਰੁਪਏ ਮਹਿੰਗੀ ਹੋ ਚੁੱਕੀ ਹੈ। ਪਿਛਲੇ ਕਾਰੋਬਾਰੀ ਦਿਨ ਯਾਨੀ ਸੋਮਵਾਰ ਨੂੰ ਸੋਨੇ 'ਚ 230 ਰੁਪਏ, ਜਦੋਂ ਕਿ ਚਾਂਦੀ ਦੀ ਕੀਮਤ 'ਚ 110 ਰੁਪਏ ਦੀ ਮਜਬੂਤੀ ਦਰਜ ਕੀਤੀ ਗਈ ਸੀ।

ਉੱਥੇ ਹੀ, ਵਿਦੇਸ਼ੀ ਬਾਜ਼ਾਰਾਂ 'ਚ ਮਾਮੂਲੀ ਗਿਰਾਵਟ ਰਹੀ। ਲੰਡਨ ਤੇ ਨਿਊਯਾਰਕ ਬਾਜ਼ਾਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਸੋਨਾ ਹਾਜ਼ਰ ਦੀ ਕੀਮਤ 0.1 ਫੀਸਦੀ ਡਿੱਗ ਕੇ 1,490.70 ਡਾਲਰ ਪ੍ਰਤੀ ਔਂਸ 'ਤੇ ਆ ਗਈ। ਹਾਲਾਂਕਿ, ਦਸੰਬਰ ਦੇ ਅਮਰੀਕੀ ਸੋਨਾ ਵਾਇਦਾ ਦੀ ਕੀਮਤ 1.20 ਡਾਲਰ ਵੱਧ 1,498.80 ਡਾਲਰ ਪ੍ਰਤੀ ਔਂਸ ਬੋਲੀ ਗਈ।

ਬਾਜ਼ਾਰ ਵਿਸ਼ਲੇਸ਼ਕਾਂ ਮੁਤਾਬਕ, ਬ੍ਰੈਗਜ਼ਿਟ 'ਤੇ ਇਸ ਹਫਤੇ ਦੇ ਅੰਤ 'ਚ ਹੋਣ ਵਾਲੀ ਬੈਠਕ ਤੋਂ ਪਹਿਲਾਂ ਨਿਵੇਸ਼ਕਾਂ ਦੀ ਸਾਵਧਾਨੀ ਕਾਰਨ ਸੋਨੇ 'ਚ ਹਲਕੀ-ਫੁਲਕੀ ਖਰੀਦਦਾਰੀ ਦੇਖਣ ਨੂੰ ਮਿਲੀ। ਵੀਰਵਾਰ ਤੇ ਸ਼ੁੱਕਰਵਾਰ ਨੂੰ ਬ੍ਰਿਟੇਨ ਤੇ ਯੂਰਪੀ ਸੰਘ ਵਿਚਕਾਰ ਹੋਣ ਵਾਲੀ ਬੈਠਕ 'ਚ ਇਹ ਨਿਰਧਾਰਤ ਹੋਵੇਗਾ ਕਿ ਬ੍ਰਿਟੇਨ ਬਿਨਾਂ ਕਿਸੇ ਸਮਝੌਤੇ ਦੇ ਈ. ਯੂ. ਛੱਡੇਗਾ ਜਾਂ ਉਨ੍ਹਾਂ ਵਿਚਕਾਰ ਕੋਈ ਸਮਝੌਤਾ ਹੋਵੇਗਾ। ਇਨ੍ਹਾਂ ਖਬਰਾਂ ਵਿਚਕਾਰ ਕੌਮਾਂਤਰੀ ਬਾਜ਼ਾਰ 'ਚ ਚਾਂਦੀ 0.2 ਫੀਸਦੀ ਟੁੱਟ ਕੇ 17.61 ਡਾਲਰ ਪ੍ਰਤੀ ਔਂਸ 'ਤੇ ਆ ਗਈ।


Related News