ਸੋਨਾ ਇੰਨਾ ਸਸਤਾ ਤੇ ਚਾਂਦੀ ਵਿਚ ਅੱਜ ਵੀ ਉਛਾਲ, ਜਾਣੋ ਕੀਮਤਾਂ

09/25/2019 3:55:21 PM

ਨਵੀਂ ਦਿੱਲੀ— ਬੁੱਧਵਾਰ ਸੋਨਾ ਸਸਤਾ, ਜਦੋਂ ਕਿ ਚਾਂਦੀ ਦੀ ਕੀਮਤ 'ਚ ਲਗਾਤਾਰ ਤੀਜੇ ਦਿਨ ਤੇਜ਼ੀ ਦਰਜ ਹੋਈ। ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 275 ਰੁਪਏ ਡਿੱਗ ਕੇ 38,670 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ। ਪਿਛਲੇ ਦੋ ਦਿਨਾਂ ਦੌਰਾਨ ਇਸ ਦੀ ਕੀਮਤ 'ਚ ਇੰਨੀ ਹੀ ਤੇਜ਼ੀ ਆਈ ਸੀ। ਸੋਮਵਾਰ ਇਸ ਦੀ ਕੀਮਤ 100 ਰੁਪਏ ਚੜ੍ਹੀ ਸੀ, ਜਦੋਂ ਕਿ ਮੰਗਲਵਾਰ ਨੂੰ ਇਸ 'ਚ 175 ਰੁਪਏ ਦੀ ਤੇਜ਼ੀ ਦੇਖਣ ਨੂੰ ਮਿਲੀ ਸੀ।



ਉੱਥੇ ਹੀ, ਤਿਉਹਾਰੀ ਮੰਗ ਆਉਣ ਨਾਲ ਚਾਂਦੀ ਦੀ ਕੀਮਤ 150 ਰੁਪਏ ਵੱਧ ਕੇ 48,650 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਇਸ ਤੋਂ ਪਹਿਲੇ ਦੋ ਦਿਨਾਂ ਦੌਰਾਨ ਚਾਂਦੀ ਦੀ ਕੀਮਤ 1,200 ਰੁਪਏ ਵਧੀ ਸੀ।
ਲੰਡਨ ਤੇ ਨਿਊਯਾਰਕ ਬਾਜ਼ਾਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਸੋਨਾ ਹਾਜ਼ਰ ਬੀਤੇ ਦਿਨ ਤੇਜ਼ੀ 'ਚ ਬੰਦ ਹੋਣ ਮਗਰੋਂ ਅੱਜ 0.40 ਫੀਸਦੀ ਨਰਮ ਹੋ ਕੇ 1,530.70 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਪਿਛਲੇ ਦਿਨ ਦੇ 1,529 ਡਾਲਰ 'ਤੇ ਲਗਭਗ ਸਥਿਰ ਰਿਹਾ। ਇਸ ਦੌਰਾਨ ਚਾਂਦੀ ਹਾਜ਼ਰ 0.03 ਫੀਸਦੀ ਟੁੱਟ ਕੇ 18.57 ਡਾਲਰ ਪ੍ਰਤੀ ਔਂਸ 'ਤੇ ਆ ਗਈ। ਬਾਜ਼ਾਰ ਮਾਹਰਾਂ ਮੁਤਾਬਕ, ਕੌਮਾਂਤਰੀ ਪੱਧਰ 'ਤੇ ਸੋਨਾ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਕਾਰਨ ਇਸ ਦੀਆਂ ਕੀਮਤਾਂ 'ਚ ਗਿਰਾਵਟ ਰਹੀ, ਜਦੋਂ ਕਿ ਸਿੱਕਾ ਨਿਰਮਾਤਾਵਾਂ ਤੇ ਉਦਯੋਗਿਕ ਮੰਗ ਨਾਲ ਚਾਂਦੀ ਲਗਾਤਾਰ ਤੀਜੇ ਦਿਨ ਮਹਿੰਗੀ ਹੋਈ ਹੈ। ਉੱਥੇ ਹੀ, ਸੋਨੇ ਦੀ ਕੀਮਤ ਕਾਫੀ ਮਹਿੰਗੀ ਹੋਣ ਨਾਲ ਇਸ ਦੀ ਮੰਗ ਘੱਟ ਹੋਣ ਦਾ ਖਦਸ਼ਾ ਹੈ।