ਸੋਨਾ ਖਰੀਦਦਾਰਾਂ ਨੂੰ ਝਟਕਾ, ਤਿਉਹਾਰਾਂ ਤੋਂ ਪਹਿਲਾਂ ਇੰਨੀ ਹੋਈ ਕੀਮਤ

09/23/2019 3:56:32 PM

ਨਵੀਂ ਦਿੱਲੀ— ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸੋਨਾ ਖਰੀਦਦਾਰਾਂ ਨੂੰ ਕੋਈ ਵੱਡੀ ਰਾਹਤ ਮਿਲਦੀ ਨਹੀਂ ਦਿਖਾਈ ਦੇ ਰਹੀ। ਥੋੜ੍ਹੇ ਦਿਨ ਪਹਿਲਾਂ ਨਰਮ ਰਹਿਣ ਮਗਰੋਂ ਸੋਨੇ ਦੀ ਕੀਮਤ ਸੋਮਵਾਰ ਨੂੰ 100 ਰੁਪਏ ਵੱਧ ਕੇ 38,770 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਉੱਥੇ ਹੀ, ਚਾਂਦੀ ਵੀ 550 ਰੁਪਏ ਦੀ ਉੱਚੀ ਛਲਾਂਗ ਲਾ ਕੇ 47,850 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪੁੱਜ ਗਈ।

 

ਸੋਨਾ 38 ਹਜ਼ਾਰ ਤੋਂ ਉੱਪਰ ਹੀ ਰਿਹਾ ਤਾਂ ਦੀਵਾਲੀ ਤਕ ਇਹ ਹੋਰ ਮਹਿੰਗਾ ਹੋ ਸਕਦਾ ਹੈ। ਪਿੱਛੇ ਜਿਹੇ ਇਹ 40 ਹਜ਼ਾਰ ਤੋਂ ਵੱਧ ਕੀਮਤ ਦਾ ਰਿਕਾਰਡ ਪੱਧਰ ਵੀ ਦਰਜ ਕਰ ਚੁੱਕਾ ਹੈ। ਈਰਾਨ ਨਾਲ ਪੱਛਮੀ ਦੇਸ਼ਾਂ ਦੀ ਗਰਮੋ-ਗਰਮੀ ਜਾਰੀ ਰਹਿਣ ਨਾਲ ਕੌਮਾਂਤਰੀ ਪੱਧਰ 'ਤੇ ਸੋਨੇ 'ਚ ਤੇਜ਼ੀ ਰਹੀ।

ਲੰਡਨ ਤੇ ਨਿਊਯਾਰਕ ਬਾਜ਼ਾਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਸੋਨਾ ਹਾਜ਼ਰ 3.40 ਡਾਲਰ ਦੀ ਬੜ੍ਹਤ ਨਾਲ 1,520.35 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 11.30 ਡਾਲਰ ਦੀ ਤੇਜ਼ੀ ਨਾਲ 1,526.40 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਮਾਹਰਾਂ ਮੁਤਾਬਕ, ਸਾਊਦੀ ਦੇ ਦੋ ਤੇਲ ਪਲਾਂਟਾਂ 'ਤੇ ਡਰੋਨ ਹਮਲੇ ਮਗਰੋਂ ਈਰਾਨ ਤੇ ਅਮਰੀਕਾ ਵਿਚਕਾਰ ਤਣਾਅ ਵਧ ਗਿਆ ਹੈ। ਇਸ ਕਾਰਨ ਨਿਵੇਸ਼ਕ ਸੋਨੇ ਨੂੰ ਤਵੱਜੋ ਦੇ ਰਹੇ ਹਨ। ਕੌਮਾਂਤਰੀ ਪੱਧਰ 'ਤੇ ਚਾਂਦੀ ਹਾਜ਼ਰ ਵੀ 0.44 ਡਾਲਰ ਚੜ੍ਹ ਕੇ 18.39 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।