ਵਿਆਹਾਂ ਦਾ ਖਰਚ ਵਧਾਏਗਾ ਸੋਨਾ, ਇੰਨਾ ਮਹਿੰਗਾ ਹੋ ਸਕਦੈ 10 ਗ੍ਰਾਮ ਗੋਲਡ

10/15/2018 1:43:36 PM

ਨਵੀਂ ਦਿੱਲੀ— ਵਿਆਹਾਂ ਲਈ ਸੋਨੇ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਨੂੰ ਜੇਬ ਹੋਰ ਢਿੱਲੀ ਕਰਨੀ ਪੈ ਸਕਦੀ ਹੈ। ਦੀਵਾਲੀ ਤਕ ਸੋਨਾ ਮਹਿੰਗਾ ਹੋ ਕੇ 32,700 ਰੁਪਏ ਪ੍ਰਤੀ ਦਸ ਗ੍ਰਾਮ ਤਕ ਪਹੁੰਚ ਸਕਦਾ ਹੈ। ਰੁਪਏ 'ਚ ਜਾਰੀ ਗਿਰਾਵਟ ਅਤੇ ਵਿਦੇਸ਼ੀ ਬਾਜ਼ਾਰਾਂ 'ਚ ਕੀਮਤਾਂ ਵਧਣ ਕਾਰਨ ਸੋਨਾ ਮਹਿੰਗਾ ਹੋਣ ਦੇ ਆਸਾਰ ਹਨ। ਬਾਜ਼ਾਰ ਮਾਹਰਾਂ ਮੁਤਾਬਕ ਬਾਜ਼ਾਰ 'ਚ ਇਸ ਤਰ੍ਹਾਂ ਦੀ ਫਿਲਹਾਲ ਕੋਈ ਚੀਜ਼ ਨਹੀਂ ਹੈ ਜੋ ਜ਼ਿਆਦਾ ਰਿਟਰਨ ਦੇ ਸਕੇ। ਇਕੁਇਟੀ ਬਾਜ਼ਾਰ 'ਚ ਬਹੁਤ ਗਿਰਾਵਟ ਆਈ ਹੈ। ਅਜਿਹਾ ਹੀ ਬਾਂਡ ਬਾਜ਼ਾਰ 'ਚ ਵੀ ਹੋਇਆ ਹੈ। ਨਾਨ ਬੈਂਕਿੰਗ ਫਾਈਨਾਂਸ ਕੰਪਨੀ (ਐੱਨ. ਬੀ. ਐੱਫ. ਸੀ.) ਸੈਕਟਰ ਵੀ ਮੁਸ਼ਕਲ 'ਚ ਹੈ। ਅਜਿਹੀ ਸਥਿਤੀ 'ਚ ਸਿਰਫ ਸੋਨਾ ਕੁਝ ਰਿਟਰਨ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ ਜੋ ਗੋਲਡ ਨਿਵੇਸ਼ ਲਈ ਸਕਾਰਾਤਮਕ ਸੰਕੇਤ ਹੈ।

ਇਸ ਨੂੰ ਦੇਖਦੇ ਹੋਏ ਸੋਨੇ ਦੀ ਕੀਮਤ 32,700 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚਣ ਦੀ ਸੰਭਾਵਨਾ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਪਿਛਲੇ ਸ਼ੁੱਕਰਵਾਰ ਸੋਨੇ ਦੀ ਕੀਮਤ 32,050 ਰੁਪਏ ਪ੍ਰਤੀ ਦਸ ਗ੍ਰਾਮ ਸੀ। ਤਿਉਹਾਰੀ ਸੀਜ਼ਨ 'ਚ ਸੋਨੇ ਦੀ ਖਰੀਦਦਾਰੀ ਤੇਜ਼ ਹੋ ਜਾਂਦੀ ਹੈ, ਜਿਸ ਨਾਲ ਇਸ ਦੀਆਂ ਕੀਮਤਾਂ 'ਚ ਵੀ ਫਰਕ ਦੇਖਣ ਨੂੰ ਮਿਲਦਾ ਹੈ। ਪਹਿਲੇ ਨਵਰਾਤਰੇ ਵਾਲੇ ਦਿਨ ਸੋਨੇ ਦੀ ਕੀਮਤ 31,850 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ ਸੀ।

ਤਿਉਹਾਰੀ ਸੀਜ਼ਨ ਦੇ ਨਾਲ-ਨਾਲ ਵਿਆਹਾਂ-ਸ਼ਾਦੀਆਂ ਦੇ ਪ੍ਰੋਗਰਾਮ ਵੀ ਸ਼ੁਰੂ ਹੋ ਗਏ ਹਨ, ਲਿਹਾਜਾ ਸੋਨੇ ਦੀ ਮੰਗ ਹੋਰ ਵਧੇਗੀ ਅਤੇ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ। ਕੁਝ ਬਾਜ਼ਾਰ ਮਾਹਰਾਂ ਦਾ ਅੰਦਾਜ਼ਾ ਹੈ ਕਿ ਦੀਵਾਲੀ ਤਕ ਸੋਨਾ 32,500 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਸਕਦਾ ਹੈ ਅਤੇ ਗੋਲਡ ਕਾਰੋਬਾਰ ਇਸ ਵਾਰ ਪਿਛਲੇ ਤਿਉਹਾਰੀ ਸੀਜ਼ਨ ਦੇ ਮੁਕਾਬਲੇ ਬਿਹਤਰ ਰਹਿਣ ਦੀ ਉਮੀਦ ਹੈ। ਇਕ ਰਿਪੋਰਟ ਮੁਤਾਬਕ ਦੇਸ਼ 'ਚ ਹਰ ਸਾਲ 800-850 ਟਨ ਸੋਨਾ ਇੰਪੋਰਟ ਕੀਤਾ ਜਾਂਦਾ ਹੈ। ਇਸ 'ਚੋਂ ਲਗਭਗ 60 ਫੀਸਦੀ ਦੀ ਖਪਤ ਗ੍ਰਾਮੀਣ ਖੇਤਰਾਂ 'ਚ ਹੁੰਦੀ ਹੈ। ਇਸ ਵਾਰ ਫਸਲਾਂ ਦੇ ਐੱਮ. ਐੱਸ. ਪੀ. ਵਧਣ ਨਾਲ ਗ੍ਰਾਮੀਣ ਖੇਤਰਾਂ 'ਚ ਮੰਗ ਚੰਗੀ ਰਹਿਣ ਦੀ ਉਮੀਦ ਹੈ।