SBI ਦੀ ਗੋਲਡ ਲੋਨ ਗਾਹਕਾਂ ਨੂੰ ਸੌਗਾਤ, ਵਿਆਜ ਦਰ 'ਚ ਕੀਤੀ ਕਟੌਤੀ

09/05/2020 8:49:25 PM

ਨਵੀਂ ਦਿੱਲੀ— ਸੋਨਾ ਗਿਰਵੀ ਰੱਖ ਕੇ ਸਸਤੀ ਦਰ 'ਤੇ ਕਰਜ਼ਾ ਲੈਣ ਦੀ ਜ਼ਰੂਰਤ ਹੈ ਅਤੇ ਭਾਰਤੀ ਸਟੇਟ ਬੈਂਕ ਦੇ ਗਾਹਕ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ।

ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਨਿੱਜੀ ਗੋਲਡ ਲੋਨ ਦੀਆਂ ਵਿਆਜ ਦਰਾਂ 'ਚ ਕਟੌਤੀ ਕਰ ਦਿੱਤੀ ਹੈ। ਬੈਂਕ ਵੱਲੋਂ ਇਸ 'ਤੇ ਵਿਆਜ ਦਰ ਨੂੰ 7.75 ਫੀਸਦੀ ਤੋਂ ਘਟਾ ਕੇ 7.50 ਫੀਸਦੀ ਸਾਲਾਨਾ ਕਰ ਦਿੱਤਾ ਗਿਆ ਹੈ। ਇਸ ਤਹਿਤ ਗਾਹਕ ਸੋਨਾ ਗਿਰਵੀ ਰੱਖ ਕੇ 50 ਲੱਖ ਰੁਪਏ ਤੱਕ ਦਾ ਕਰਜ਼ ਲੈ ਸਕਦਾ ਹੈ। ਬੈਂਕ ਦੀ ਇਹ ਨਵੀਂ ਵਿਆਜ ਦਰ 30 ਸਤੰਬਰ ਤੱਕ ਲਾਗੂ ਰਹੇਗੀ।

ਇੰਨਾ ਹੀ ਨਹੀਂ ਐੱਸ. ਬੀ. ਆਈ. ਨੇ ਪ੍ਰੋਸੈਸਿੰਗ ਫ਼ੀਸ ਵੀ ਘਟਾ ਦਿੱਤੀ ਹੈ। ਹੁਣ ਪ੍ਰੋਸੈਸਿੰਗ ਫੀਸ ਦੇ ਰੂਪ 'ਚ ਬੈਂਕ ਕਰਜ਼ ਰਾਸ਼ੀ ਦਾ 2.25 ਫੀਸਦੀ+ਜੀ. ਐੱਸ. ਟੀ. ਲੈ ਰਿਹਾ ਹੈ, ਜੋ ਕਿ ਘੱਟੋ-ਘੱਟ 250 ਰੁਪਏ+ਜੀ. ਐੱਸ. ਟੀ. ਹੈ।

ਉੱਥੇ ਹੀ, ਯੋਨੋ ਐਪ ਜ਼ਰੀਏ ਅਰਜ਼ੀ ਦੇਣ ਵਾਲੇ 'ਤੇ ਕੋਈ ਪ੍ਰੋਸੈਸਿੰਗ ਫ਼ੀਸ ਨਹੀਂ ਹੈ। ਜ਼ਿਕਰਯੋਗ ਹੈ ਕਿ ਅਗਸਤ 2020 'ਚ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਆਮ ਆਦਮੀ ਨੂੰ ਰਾਹਤ ਦਿੰਦੇ ਸੋਨੇ ਦੇ ਗਹਿਣਿਆਂ 'ਤੇ ਕਰਜ਼ ਦੀ ਮਾਤਰਾ ਵਧਾ ਦਿੱਤੀ ਸੀ। ਹੁਣ ਸੋਨੇ ਦੇ ਗਹਿਣੇ 'ਤੇ ਮਾਰਚ 2021 ਤੱਕ ਉਸ ਦੀ ਕੀਮਤ ਦੇ 90 ਫੀਸਦੀ ਤੱਕ ਕਰਜ਼ ਮਿਲ ਰਿਹਾ ਹੈ, ਜੋ ਇਸ ਹੁਕਮ ਤੋਂ ਪਹਿਲਾਂ 75 ਫੀਸਦੀ ਤੱਕ ਸੀ।


Sanjeev

Content Editor

Related News