ਸੋਨੇ ਦੀ ਦਰਾਮਦ 81 ਫੀਸਦੀ ਘਟੀ, ਇਸ ਮੋਰਚੇ 'ਤੇ ਮਿਲੀ ਵੱਡੀ ਰਾਹਤ

08/16/2020 8:50:40 PM

ਨਵੀਂ ਦਿੱਲੀ—  ਕੋਵਿਡ-19 ਮਹਾਮਾਰੀ ਵਿਚਕਾਰ ਸੋਨੇ ਦੀ ਮੰਗ 'ਚ ਭਾਰੀ ਕਮੀ ਆਉਣ ਨਾਲ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੁਲਾਈ ਮਿਆਦ ਦੌਰਾਨ ਇਸ ਦੀ ਦਰਾਮਦ 81.22 ਫੀਸਦੀ ਜ਼ੋਰਦਾਰ ਘੱਟ ਕੇ 2.47 ਅਰਬ ਡਾਲਰ ਯਾਨੀ 18,590 ਕਰੋੜ ਰੁਪਏ ਰਹਿ ਗਈ।

ਇਸ ਦੌਰਾਨ ਚਾਂਦੀ ਦਰਾਮਦ 'ਚ ਵੀ ਗਿਰਾਵਟ ਦਰਜ ਹੋਈ ਹੈ। ਸੋਨੇ ਅਤੇ ਚਾਂਦੀ ਦੀ ਦਰਾਮਦ 'ਚ ਕਮੀ ਨਾਲ ਦੇਸ਼ ਦੇ ਵਪਾਰ ਘਾਟੇ ਨੂੰ ਘੱਟ ਕਰਨ 'ਚ ਮਦਦ ਮਿਲੀ ਹੈ।

ਪਿਛਲੇ ਵਿੱਤੀ ਸਾਲ 2019-20 ਦੀ ਇਸੇ ਮਿਆਦ 'ਚ ਸੋਨੇ ਦੀ ਦਰਾਮਦ 13.16 ਅਰਬ ਡਾਲਰ ਯਾਨੀ 91,440 ਕਰੋੜ ਰੁਪਏ ਰਹੀ ਸੀ। ਉੱਥੇ ਹੀ, ਹੁਣ ਚੱਲ ਰਹੇ ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨਿਆਂ 'ਚ ਚਾਂਦੀ ਦੀ ਦਰਾਮਦ 56.5 ਫੀਸਦੀ ਘੱਟ ਕੇ 68.53 ਕਰੋੜ ਡਾਲਰ ਯਾਨੀ 5,185 ਕਰੋੜ ਰੁਪਏ ਰਹਿ ਗਈ।

ਸੋਨੇ-ਚਾਂਦੀ ਦੀ ਦਰਾਮਦ 'ਚ ਕਮੀ ਹੋਣ ਨਾਲ ਅਪ੍ਰੈਲ-ਜੁਲਾਈ ਦੌਰਾਨ ਵਪਾਰ ਘਾਟਾ ਘੱਟ ਹੋ ਕੇ 13.95 ਅਰਬ ਡਾਲਰ ਰਹਿ ਗਿਆ, ਜੋ ਇਕ ਸਾਲ ਪਹਿਲਾਂ ਇਸੇ ਮਿਆਦ 'ਚ 59.4 ਅਰਬ ਡਾਲਰ ਸੀ।

ਦਸੰਬਰ ਤੋਂ ਘੱਟ ਰਹੀ ਸੋਨੇ ਦੀ ਦਰਾਮਦ
ਪਿਛਲੇ ਸਾਲ ਦਸੰਬਰ ਤੋਂ ਸੋਨੇ ਦੀ ਦਰਾਮਦ ਲਗਾਤਾਰ ਘੱਟ ਰਹੀ ਹੈ। ਮਾਰਚ 'ਚ ਸੋਨੇ ਦੀ ਦਰਾਮਦ 62.6 ਫੀਸਦੀ, ਅਪ੍ਰੈਲ 'ਚ 99.93 ਫੀਸਦੀ, ਮਈ 'ਚ 98.4 ਫੀਸਦੀ ਅਤੇ ਜੂਨ 'ਚ 77.5 ਫੀਸਦੀ ਘਟੀ। ਹਾਲਾਂਕਿ, ਸੋਨੇ ਦੀ ਦਰਾਮਦ ਜੁਲਾਈ 'ਚ 4.17 ਫੀਸਦੀ ਵੱਧ ਕੇ 1.78 ਅਰਬ ਡਾਲਰ 'ਤੇ ਪਹੁੰਚ ਗਈ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ 'ਚ 1.71 ਅਰਬ ਡਾਲਰ ਰਹੀ ਸੀ। ਗੌਰਤਲਬ ਹੈ ਕਿ ਗਹਿਣਿਆਂ ਦੀ ਮੰਗ ਨੂੰ ਪੂਰਾ ਕਰਨ ਲਈ ਭਾਰਤ ਸੋਨੇ ਦਾ ਸਭ ਤੋਂ ਵੱਡਾ ਦਰਾਮਦਕਰਤਾ ਹੈ। ਸਾਲਾਨਾ ਆਧਾਰ 'ਤੇ ਭਾਰਤ 800 ਤੋਂ 900 ਟਨ ਸੋਨਾ ਦਰਾਮਦ ਕਰਦਾ ਰਿਹਾ ਹੈ।


Sanjeev

Content Editor

Related News