ਸੋਨੇ ਦੀ ਦਰਾਮਦ 7 ਮਹੀਨਿਆਂ ਦੇ ਉੱਚੇ ਪੱਧਰ ''ਤੇ

01/16/2018 10:13:31 AM

ਨਵੀਂ ਦਿੱਲੀ—ਦੇਸ਼ 'ਚ ਸੋਨੇ ਦੀ ਦਰਾਮਦ ਬੀਤੀ ਦਸੰਬਰ 'ਚ ਮੁੱਲ ਦੇ ਆਧਾਰ 'ਤੇ 71.52 ਫ਼ੀਸਦੀ ਵਧ ਕੇ 7 ਮਹੀਨਿਆਂ ਦੇ ਉੱਚੇ ਪੱਧਰ 339.41 ਕਰੋੜ ਡਾਲਰ 'ਤੇ ਪਹੁੰਚ ਗਈ।  ਲਗਾਤਾਰ 3 ਮਹੀਨਿਆਂ ਦੀ ਗਿਰਾਵਟ ਤੋਂ ਬਾਅਦ ਦਸੰਬਰ 'ਚ ਸੋਨੇ ਦੀ ਦਰਾਮਦ ਵਧੀ ਹੈ। ਇਸ ਤੋਂ ਪਹਿਲਾਂ ਸਤੰਬਰ 2017 'ਚ ਇਸ ਦੀ ਦਰਾਮਦ 4.94 ਫ਼ੀਸਦੀ, ਅਕਤੂਬਰ 'ਚ 16.14 ਅਤੇ ਨਵੰਬਰ 'ਚ 25.96 ਫ਼ੀਸਦੀ ਘਟੀ ਸੀ। ਤਿਉਹਾਰੀ ਅਤੇ ਵਿਆਹਾਂ ਦੇ ਮੌਸਮ ਦੇ ਬਾਵਜੂਦ ਇਨ੍ਹਾਂ ਮਹੀਨਿਆਂ 'ਚ ਸੋਨੇ ਦੀ ਦਰਾਮਦ ਘੱਟ ਰਹਿਣਾ ਹੈਰਾਨ ਕਰਨ ਵਾਲਾ ਰਿਹਾ ਸੀ। ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਦਰਾਮਦਕਾਰਾਂ ਨੇ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਲਾਗੂ ਹੋਣ ਤੋਂ ਪਹਿਲਾਂ ਦਰਾਮਦ ਵਧਾ ਕੇ ਸੋਨੇ ਦਾ ਸਟਾਕ ਜਮ੍ਹਾ ਕਰ ਲਿਆ ਸੀ, ਇਸ ਲਈ ਬਾਅਦ 'ਚ ਦਰਾਮਦ 'ਚ ਕਮੀ ਵੇਖੀ ਗਈ। ਜੀ. ਐੱਸ. ਟੀ. 'ਚ ਸੋਨੇ 'ਤੇ ਟੈਕਸ ਦੀ ਦਰ ਵਧਾ ਕੇ 3 ਫ਼ੀਸਦੀ ਕਰ ਦਿੱਤੀ ਗਈ ਹੈ।
ਪਿਛਲੇ ਸਾਲ ਜੀ. ਐੱਸ. ਟੀ. ਲਾਗੂ ਹੋਣ ਤੋਂ ਪਹਿਲਾਂ ਮਈ 'ਚ ਸੋਨੇ ਦੀ ਦਰਾਮਦ 236.45 ਫ਼ੀਸਦੀ ਵਧੀ ਸੀ ਅਤੇ ਕੁਲ ਦਰਾਮਦ 495.85 ਕਰੋੜ ਡਾਲਰ ਦੀ ਰਹੀ ਸੀ। ਉਸ ਤੋਂ ਬਾਅਦ ਸਭ ਤੋਂ ਜ਼ਿਆਦਾ 339.41 ਕਰੋੜ ਡਾਲਰ ਦੀ ਦਰਾਮਦ ਦਸੰਬਰ 2017 'ਚ ਹੋਈ ਹੈ। ਇਹ ਦਸੰਬਰ 2016 ਦੇ 197.88 ਕਰੋੜ ਡਾਲਰ ਦੇ ਮੁਕਾਬਲੇ 71.52 ਫੀਸਦੀ ਜ਼ਿਆਦਾ ਹੈ। ਦਸੰਬਰ 'ਚ ਚਾਂਦੀ ਦੀ ਦਰਾਮਦ ਵੀ 105.82 ਫ਼ੀਸਦੀ ਵਧ ਕੇ 19.73 ਕਰੋੜ ਡਾਲਰ 'ਤੇ ਪਹੁੰਚ ਗਈ। ਦਸੰਬਰ 2016 'ਚ ਇਹ 9.58 ਕਰੋੜ ਡਾਲਰ ਰਹੀ ਸੀ।