ਸੋਨਾ 100 ਰੁਪਏ ਚਮਕਿਆ, ਚਾਂਦੀ 310 ਰੁਪਏ ਉਛਲੀ

12/16/2019 4:26:43 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਦੋਵਾਂ ਕੀਮਤੀ ਧਾਤੂਆਂ 'ਚ ਤੇਜ਼ੀ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 100 ਰੁਪਏ ਦੇ ਵਾਧੇ ਨਾਲ ਡੇਢ ਹਫਤੇ ਦੇ ਸਭ ਤੋਂ ਉੱਚੇ ਪੱਧਰ 39,270 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਚਾਂਦੀ ਵੀ 310 ਰੁਪਏ ਚਮਕ ਕੇ ਲਗਭਗ ਦੋ ਹਫਤੇ ਦੇ ਸਭ ਤੋਂ ਉੱਚੇ ਪੱਧਰ 'ਤੇ 45,500 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਸੋਨੇ-ਚਾਂਦੀ ਦੇ ਭਾਅ ਲਗਾਤਾਰ ਦੂਜੇ ਦਿਨ ਵਧੇ ਹਨ। ਵਿਦੇਸ਼ਾਂ 'ਚ ਸੋਨੇ 'ਚ ਰਹੀ ਤੇਜ਼ੀ ਨਾਲ ਵੀ ਸਥਾਨਕ ਬਾਜ਼ਾਰ 'ਚ ਇਸ ਨੂੰ ਸਮਰਥਨ ਮਿਲਿਆ ਹੈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ 1.40 ਡਾਲਰ ਚਮਕ ਕੇ 1,476,75 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਹਾਲਾਂਕਿ ਫਰਵਰੀ ਦਾ ਅਮਰੀਕੀ ਸੋਨਾ ਵਾਇਦਾ 1.90 ਡਾਲਰ ਦੀ ਗਿਰਾਵਟ 'ਚ 1,479.30 ਡਾਲਰ ਪ੍ਰਤੀ ਔਂਸ ਬੋਲ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕਾ ਅਤੇ ਚੀਨ ਦੇ ਵਿਚਕਾਰ ਵਪਾਰ ਯੁੱਧ ਖਤਮ ਹੋਣ ਦੀ ਉਮੀਦ 'ਚ ਸੋਨੇ 'ਚ ਸ਼ੁਰੂਆਤੀ ਨਰਮੀ ਰਹੀ, ਹਾਲਾਂਕਿ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਕਮਜ਼ੋਰ ਪੈਣ ਦੇ ਬਾਅਦ ਇਸ 'ਚ ਥੋੜ੍ਹਾ ਵਾਧਾ ਦੇਖਿਆ ਗਿਆ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ ਵੀ 0.10 ਡਾਲਰ ਦੀ ਤੇਜ਼ੀ ਨਾਲ 17 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।

Aarti dhillon

This news is Content Editor Aarti dhillon