ਸੋਨੇ-ਚਾਂਦੀ ''ਚ ਗਿਰਾਵਟ, ਜਾਣੋ ਅੱਜ ਦੇ ਮੁੱਲ

04/26/2018 2:54:44 PM

ਨਵੀਂ ਦਿੱਲੀ— ਸੋਨੇ-ਚਾਂਦੀ ਦੇ ਮੁੱਲ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 50 ਰੁਪਏ ਡਿੱਗ ਕੇ 32,400 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਸੋਨਾ ਭਟੂਰ ਵੀ ਇੰਨੀ ਹੀ ਗਿਰਾਵਟ ਨਾਲ 32,250 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੋਲਿਆ ਗਿਆ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 24,800 ਰੁਪਏ 'ਤੇ ਟਿਕੀ ਰਹੀ। ਉੱਥੇ ਹੀ, ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਘਟਣ ਨਾਲ ਚਾਂਦੀ ਵੀ 150 ਰੁਪਏ ਘੱਟ ਕੇ 40,550 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕੀ। ਬਾਜ਼ਾਰ ਜਾਣਕਾਰਾਂ ਮੁਤਾਬਕ, ਜਿਊਲਰਾਂ ਵੱਲੋਂ ਗਾਹਕੀ ਸੁਸਤ ਰਹਿਣ ਨਾਲ ਘਰੇਲੂ ਬਾਜ਼ਾਰ 'ਚ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ। ਇਸ ਦੇ ਇਲਾਵਾ ਡਾਲਰ ਮਹਿੰਗਾ ਹੋਣ ਅਤੇ ਬਾਂਡ ਯੀਲਡ ਵਧਣ ਨਾਲ ਵਿਦੇਸ਼ੀ ਬਾਜ਼ਾਰਾਂ 'ਚ ਧਾਤਾਂ 'ਤੇ ਦਬਾਅ ਦੇਖਣ ਨੂੰ ਮਿਲ ਰਿਹਾ ਹੈ।

ਇਸ ਵਿਚਕਾਰ ਵਿਦੇਸ਼ੀ ਬਾਜ਼ਾਰਾਂ 'ਚ ਕੀਮਤੀ ਧਾਤਾਂ ਦੇ ਮੁੱਲ 'ਚ ਗਿਰਾਵਟ ਦਰਜ ਕੀਤੀ ਗਈ। ਤੇਲ ਕੀਮਤਾਂ 'ਚ ਤੇਜ਼ੀ, ਡਾਲਰ ਮਹਿੰਗਾ ਹੋਣ ਅਤੇ ਬਾਂਡ ਯੀਲਡ 'ਚ ਤੇਜ਼ੀ ਕਾਰਨ ਕੀਮਤੀ ਧਾਤਾਂ ਦਬਾਅ 'ਚ ਹਨ। ਵਿਦੇਸ਼ੀ ਬਾਜ਼ਾਰ 'ਚ ਗਾਹਕੀ ਸੁਸਤ ਹੋਣ ਨਾਲ ਨਿਊਯਾਰਕ 'ਚ ਸੋਨਾ ਹਾਜ਼ਰ 0.54 ਫੀਸਦੀ ਡਿੱਗ ਕੇ 1,322.60 ਡਾਲਰ ਪ੍ਰਤੀ ਔਂਸ 'ਤੇ ਰਿਹਾ। ਉੱਥੇ ਹੀ, ਚਾਂਦੀ 0.96 ਫੀਸਦੀ ਦਾ ਗੋਤਾ ਲਾ ਕੇ 16.51 ਡਾਲਰ ਪ੍ਰਤੀ ਔਂਸ 'ਤੇ ਆ ਗਈ। ਜ਼ਿਕਰਯੋਗ ਹੈ ਕਿ ਅਮਰੀਕਾ 'ਚ 10 ਸਾਲਾਂ ਦੀ ਬਾਂਡ ਯੀਲਡ ਚਾਰ ਸਾਲਾਂ 'ਚ ਪਹਿਲੀ ਵਾਰ 3 ਫੀਸਦੀ ਦੇ ਪਾਰ ਨਿਕਲੀ ਹੈ, ਜਦੋਂ ਕਿ ਕੱਚਾ ਤੇਲ ਪ੍ਰਤੀ ਬੈਰਲ 75 ਡਾਲਰ ਦੇ ਨਜ਼ਦੀਕ ਕਾਰੋਬਾਰ ਕਰ ਰਿਹਾ ਹੈ।