ਸੋਨਾ ਹੋਇਆ ਮਹਿੰਗਾ, ਜਾਣੋ ਅੱਜ ਦਾ ਰੇਟ

09/22/2017 3:08:27 PM

ਨਵੀਂ ਦਿੱਲੀ— ਕੌਮਾਂਤਰੀ ਪੱਧਰ 'ਤੇ ਰਹੀ ਤੇਜ਼ੀ ਵਿਚਕਾਰ ਘਰੇਲੂ ਸਰਾਫਾ ਕਾਰੋਬਾਰੀਆਂ ਦੀ ਮੰਗ ਨਿਕਲਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 350 ਰੁਪਏ ਵੱਧ ਕੇ 30,850 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਸੰਸਾਰਕ ਤੇਜ਼ੀ ਅਤੇ ਉਦਯੋਗਿਕ ਗਾਹਕੀ ਆਉਣ ਨਾਲ ਚਾਂਦੀ ਵੀ 400 ਰੁਪਏ ਦੀ ਛਲਾਂਗ ਲਾ ਕੇ 40,700 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕੀ। ਕੌਮਾਂਤਰੀ ਬਾਜ਼ਾਰਾਂ 'ਚ ਲੰਡਨ ਦਾ ਸੋਨਾ ਹਾਜ਼ਰ 4.75 ਡਾਲਰ ਦੀ ਤੇਜ਼ੀ ਨਾਲ 1,296.25 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 4.9 ਡਾਲਰ ਚਮਕ ਕੇ 1,299.70 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜ਼ਰ ਵੀ 0.04 ਡਾਲਰ ਦੀ ਤੇਜ਼ੀ ਨਾਲ 16.99 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। 
ਬਾਜ਼ਾਰ ਮਾਹਰਾਂ ਮੁਤਾਬਕ, ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਦੇ ਮਜ਼ਬੂਤ ਹੋਣ ਦੇ ਬਾਵਜੂਦ ਭੂ-ਰਾਜਨੀਤਕ ਚਿੰਤਾਵਾ ਕਾਰਨ ਸੋਨੇ ਨੂੰ ਮਜ਼ਬੂਤੀ ਮਿਲੀ ਹੈ। ਉੱਤਰੀ ਕੋਰੀਆ ਨੂੰ ਤਬਾਹ ਕਰਨ ਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚਿਤਾਵਨੀ ਦੇ ਜਵਾਬ 'ਚ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਓਨ ਦੇ ਬਿਆਨ ਨਾਲ ਕੌਮਾਂਤਰੀ ਮੰਚ 'ਤੇ ਹਲਚਲ ਮਚ ਗਈ ਹੈ। ਕਿਮ ਜੋਂਗ ਨੇ ਟਰੰਪ ਨੂੰ ਗੈਂਗਸਟਰ ਕਹਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉੱਤਰੀ ਕੋਰੀਆ ਨੂੰ ਧਮਕੀ ਦੇਣ ਦੀ ਭਾਰੀ ਕੀਮਤ ਅਦਾ ਕਰਨੀ ਪਵੇਗੀ। ਇਸ ਦੇ ਇਲਾਵਾ ਉੱਤਰੀ ਕੋਰੀਆ ਵੱਲੋਂ ਪ੍ਰਸ਼ਾਂਤ ਮਹਾਸਾਗਰ 'ਚ ਹਾਈਡ੍ਰੋਜਨ ਬੰਬ ਦਾ ਪ੍ਰੀਖਣ ਕਰਨ ਦੀ ਸੰਭਾਵਨਾ ਦੀ ਚਰਚਾ ਵੀ ਜ਼ੋਰ ਫੜ ਰਹੀ ਹੈ, ਜਿਸ ਕਾਰਨ ਨਿਵੇਸ਼ਕਾਂ ਦਾ ਰੁਝਾਨ ਸੋਨੇ 'ਚ ਵੱਧ ਗਿਆ ਹੈ।