ਸੋਨੇ-ਚਾਂਦੀ ''ਚ ਸੁਸਤੀ, ਤਿਉਹਾਰਾਂ ਦੇ ਬਾਵਜੂਦ ਰਹੀ ਗਿਰਾਵਟ

10/22/2017 12:53:54 PM

ਨਵੀਂ ਦਿੱਲੀ— ਵਿਦੇਸ਼ੀ ਬਾਜ਼ਾਰਾਂ ਵਿੱਚ ਰਹੀ ਗਿਰਾਵਟ ਦੇ ਮੱਦੇਨਜ਼ਰ ਧਨਤੇਰਸ ਅਤੇ ਦੀਵਾਲੀ ਦੇ ਬਾਵਜੂਦ ਸਥਾਨਕ ਪੱਧਰ 'ਤੇ ਤਿਉਹਾਰੀ ਮੰਗ ਸੁਸਤ ਰਹਿਣ ਨਾਲ ਬੀਤੇ ਹਫਤੇ ਦਿੱਲੀ ਸਰਾਫਾ ਬਾਜ਼ਾਰ ਵਿੱਚ ਸੋਨਾ 200 ਰੁਪਏ ਘੱਟ ਕੇ 30,650 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਅਤੇ ਚਾਂਦੀ 650 ਰੁਪਏ ਡਿੱਗ ਕੇ 40,850 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।ਇਸ ਹਫਤੇ ਦੌਰਾਨ ਸਥਾਨਕ ਪੱਧਰ 'ਤੇ ਚਾਰ ਦਿਨ ਕੰਮ-ਕਾਜ ਹੋਇਆ।ਵੀਰਵਾਰ ਨੂੰ ਦੀਵਾਲੀ ਅਤੇ ਸ਼ੁੱਕਰਵਾਰ ਨੂੰ ਗੋਵਰਧਨ ਪੂਜਾ ਦੇ ਮੌਕੇ 'ਤੇ ਬਾਜ਼ਾਰ ਬੰਦ ਰਿਹਾ।ਧਨਤੇਰਸ ਦੇ ਬਾਵਜੂਦ ਇਸ ਵਾਰ ਬਾਜ਼ਾਰ ਵਿੱਚ ਬਹੁਤੀ ਚਹਿਲ-ਪਹਿਲ ਨਹੀਂ ਦਿਸੀ, ਜਿਸ ਕਾਰਨ ਦੋਹਾਂ ਕੀਮਤੀ ਧਾਤਾਂ 'ਤੇ ਦਬਾਅ ਰਿਹਾ। 

ਕਾਰੋਬਾਰੀਆਂ ਦਾ ਕਹਿਣਾ ਹੈ ਕਿ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਲਾਗੂ ਹੋਣ ਨਾਲ ਸੋਨੇ 'ਤੇ ਟੈਕਸ ਦੀ ਦਰ ਵਧਣ ਦਾ ਅਸਰ ਮੰਗ 'ਤੇ ਵੇਖਿਆ ਗਿਆ।ਸੰਸਾਰਕ ਬਾਜ਼ਾਰਾਂ ਵਿੱਚ ਵੀ ਦੋਹਾਂ ਕੀਮਤੀ ਧਾਤਾਂ ਵਿੱਚ ਗਿਰਾਵਟ ਦਾ ਰੁਖ਼ ਹਾਵੀ ਰਿਹਾ।ਕੌਮਾਂਤਰੀ ਬਾਜ਼ਾਰ ਵਿੱਚ ਸੋਨਾ ਹਾਜ਼ਰ 23.70 ਡਾਲਰ ਘੱਟ ਕੇ ਹਫਤੇ ਦੇ ਅਖੀਰ 'ਤੇ 1,280.05 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ।ਦਸੰਬਰ ਦਾ ਅਮਰੀਕੀ ਸੋਨਾ ਵਾਅਦਾ ਵੀ 24.30 ਡਾਲਰ ਡਿੱਗ ਕੇ 1,281.80 ਪ੍ਰਤੀ ਔਂਸ 'ਤੇ ਆ ਗਿਆ।ਚਾਂਦੀ ਹਾਜ਼ਰ 0.40 ਡਾਲਰ ਟੁੱਟ ਕੇ ਸ਼ੁੱਕਰਵਾਰ ਨੂੰ 16.97 ਡਾਲਰ ਪ੍ਰਤੀ ਔਂਸ 'ਤੇ ਵਿਕੀ।