ਸੋਨੇ ''ਚ ਵੱਡਾ ਉਛਾਲ ਤੇ ਚਾਂਦੀ 350 ਰੁਪਏ ਹੋਈ ਸਸਤੀ

12/10/2018 3:46:42 PM

ਨਵੀਂ ਦਿੱਲੀ— ਸਰਾਫਾ ਬਾਜ਼ਾਰ 'ਚ ਸੋਨਾ ਅੱਜ 32,400 ਰੁਪਏ ਪ੍ਰਤੀ ਦਸ ਗ੍ਰਾਮ ਦੇ ਵੀ ਪਾਰ ਹੋ ਗਿਆ। ਸੋਮਵਾਰ ਦੇ ਕਾਰੋਬਾਰ 'ਚ ਸੋਨੇ ਦੀ ਕੀਮਤ 145 ਰੁਪਏ ਵਧ ਕੇ 32,495 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ। ਉੱਥੇ ਹੀ, ਉਦਯੋਗਿਕ ਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਘਟਣ ਨਾਲ ਚਾਂਦੀ 350 ਰੁਪਏ ਡਿੱਗ ਕੇ 38,150 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਬਾਜ਼ਾਰ ਜਾਣਕਾਰਾਂ ਮੁਤਾਬਕ ਵਿਆਹਾਂ-ਸ਼ਾਦੀਆਂ ਦੀ ਮੰਗ ਪੂਰੀ ਕਰਨ ਲਈ ਜਿਊਲਰਾਂ ਵੱਲੋਂ ਵਧੀ ਖਰੀਦਦਾਰੀ ਨਾਲ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਦਰਜ ਹੋਈ ਹੈ। ਇਸ ਦੇ ਇਲਾਵਾ ਵਿਦੇਸ਼ੀ ਬਾਜ਼ਾਰਾਂ ਤੋਂ ਮਿਲੇ ਸੰਕੇਤਾਂ ਨਾਲ ਵੀ ਸੋਨੇ 'ਤੇ ਅਸਰ ਦਿਸਿਆ।

ਕੌਮਾਂਤਰੀ ਪੱਧਰ 'ਤੇ ਲੰਡਨ ਦਾ ਸੋਨਾ ਹਾਜ਼ਰ ਅੱਜ 0.05 ਡਾਲਰ ਦੀ ਤੇਜ਼ੀ ਨਾਲ 1,248.10 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ 1.40 ਡਾਲਰ ਚੜ੍ਹ ਕੇ 1,254.00 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਮਾਹਰਾਂ ਨੇ ਦੱਸਿਆ ਕਿ ਅਮਰੀਕਾ 'ਚ ਰੋਜ਼ਗਾਰ ਦੇ ਅੰਕੜੇ ਉਮੀਦ ਤੋਂ ਘੱਟ ਰਹਿਣ ਕਾਰਨ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਕਮਜ਼ੋਰ ਰਿਹਾ। ਇਸ ਨਾਲ ਨਿਵੇਸ਼ਕਾਂ ਦਾ ਰੁਝਾਨ ਸੋਨੇ 'ਚ ਬਣਿਆ ਰਿਹਾ। ਹਾਲਾਂਕਿ ਚਾਂਦੀ ਹਾਜ਼ਰ 0.02 ਡਾਲਰ ਦੀ ਗਿਰਾਵਟ ਨਾਲ 14.56 ਡਾਲਰ ਪ੍ਰਤੀ ਔਂਸ 'ਤੇ ਆ ਗਈ।