ਜਿਊਲਰਾਂ ਦੀ ਮੰਗ ਫਿੱਕੀ ਰਹਿਣ ਨਾਲ ਸੋਨਾ ਟੁੱਟਾ, ਚਾਂਦੀ ''ਚ ਭਾਰੀ ਉਛਾਲ

12/24/2019 3:29:26 PM

ਨਵੀਂ ਦਿੱਲੀ— ਜਿਊਲਰਾਂ ਦੀ ਮੰਗ ਸੁਸਤ ਰਹਿਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ ਮੰਗਲਵਾਰ ਨੂੰ 45 ਰੁਪਏ ਟੁੱਟ ਕੇ 39,485 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਈ, ਜਦੋਂ ਕਿ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਨਿਕਲਣ ਨਾਲ ਚਾਂਦੀ 625 ਰੁਪਏ ਦੀ ਛਲਾਂਗ ਲਾ ਕੇ ਸੱਤ ਮਹੀਨੇ ਦੇ ਉੱਚੇ ਪੱਧਰ 47,025 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਵਿਦੇਸ਼ੀ ਬਾਜ਼ਾਰਾਂ 'ਚ ਸੋਨੇ ਦੀ ਕੀਮਤ 'ਚ ਤੇਜ਼ੀ ਦਰਜ ਕੀਤੀ ਗਈ।

 

ਕੌਮਾਂਤਰੀ ਬਾਜ਼ਾਰ 'ਚ ਸੋਨਾ ਡੇਢ ਮਹੀਨੇ ਦੇ ਉੱਚੇ ਪੱਧਰ 'ਤੇ ਰਿਹਾ ਪਰ ਸਥਾਨਕ ਬਾਜ਼ਾਰ 'ਚ ਗਹਿਣਾ ਨਿਰਮਾਤਾਵਾਂ ਦੀ ਸੁਸਤ ਮੰਗ ਹੋਣ ਕਾਰਨ ਇੱਥੇ ਗਿਰਾਵਟ ਰਹੀ। ਲੰਡਨ ਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ, ਉੱਥੇ ਸੋਨਾ ਹਾਜ਼ਰ 4.7 ਡਾਲਰ ਚਮਕ ਕੇ 1,489.70 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ, ਜੋ ਡੇਢ ਮਹੀਨੇ ਤੋਂ ਵੱਧ ਦਾ ਉੱਚਾ ਪੱਧਰ ਹੈ।

ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ 6.20 ਡਾਲਰ ਦੀ ਮਜਬੂਤੀ ਨਾਲ 1,494.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਮਾਹਰਾਂ ਮੁਤਾਬਕ ਅਮਰੀਕਾ ਦੇ ਕਮਜ਼ੋਰ ਆਰਥਿਕ ਅੰਕੜੇ ਆਉਣ ਨਾਲ ਕੌਮਾਂਤਰੀ ਪੱਧਰ 'ਤੇ ਸੋਨੇ ਦੀ ਮੰਗ 'ਚ ਤੇਜ਼ੀ ਰਹੀ। ਨਵੰਬਰ 'ਚ ਪੂੰਜੀਗਤ ਵਸਤੂਆਂ ਦੇ ਨਵੇਂ ਆਰਡਰ 'ਚ ਮਾਮੂਲੀ ਵਾਧਾ ਹੋਇਆ ਹੈ, ਜਿਸ ਨਾਲ ਚੌਥੀ ਤਿਮਾਹੀ 'ਚ ਅਰਥਵਿਵਸਥਾ 'ਚ ਸੁਸਤੀ ਦੇ ਸੰਕੇਤ ਮਿਲਦੇ ਹਨ। ਇਸ ਲਈ ਨਿਵੇਸ਼ਕਾਂ ਨੇ ਪੂੰਜੀ ਬਾਜ਼ਾਰ 'ਚ ਰਿਸਕ ਲੈਣ ਦੀ ਬਜਾਏ ਸੁਰੱਖਿਅਤ ਨਿਵੇਸ਼ ਕੀਤਾ, ਜਿਸ ਨਾਲ ਸੋਨੇ ਦੀ ਕੀਮਤ ਚੜ੍ਹ ਗਈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ 0.7 ਫੀਸਦੀ ਮਹਿੰਗੀ ਹੋ ਕੇ 17.57 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਇਹ ਨਵੰਬਰ ਦੇ ਪਹਿਲੇ ਹਫਤੇ ਤੋਂ ਬਾਅਦ ਦਾ ਉੱਚਾ ਪੱਧਰ ਹੈ।