ਸਾਰੇ ਰਿਕਾਰਡ ਤੋੜੇਗਾ ਸੋਨਾ, ਦੀਵਾਲੀ ਤਕ ਇੰਨਾ ਹੋ ਸਕਦੈ ਮਹਿੰਗਾ

07/20/2019 8:11:17 AM

ਨਵੀਂ ਦਿੱਲੀ— ਸੋਨਾ ਖਰੀਦਣਾ ਵਸੋਂ ਬਾਹਰ ਹੋ ਸਕਦਾ ਹੈ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਸੋਨਾ ਜਿੱਥੇ ਬੀਤੇ ਦਿਨ 35,409 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਜਾ ਪੁੱਜਾ, ਉੱਥੇ ਹੀ ਦਿੱਲੀ ਸਰਾਫਾ ਬਾਜ਼ਾਰ 'ਚ ਇਸ ਦੀ ਕੀਮਤ 35,950 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਵਿਦੇਸ਼ੀ ਬਾਜ਼ਾਰਾਂ 'ਚ ਸੋਨਾ 1,400 ਡਾਲਰ ਪ੍ਰਤੀ ਔਂਸ ਤੋਂ ਪਾਰ ਹੈ, ਜਿਸ 'ਚ ਅੱਗੇ ਵੀ ਤੇਜ਼ੀ ਦੀ ਸੰਭਾਵਨਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜਲਦ ਹੀ ਸੋਨਾ 36,000 ਰੁਪਏ ਅਤੇ ਦੀਵਾਲੀ ਤਕ 40,000 ਰੁਪਏ ਪ੍ਰਤੀ ਦਸ ਗ੍ਰਾਮ ਦੇ ਪੱਧਰ ਨੂੰ ਛੂਹ ਸਕਦਾ ਹੈ।

 

ਸੋਨੇ 'ਚ ਕਿਉਂ ਆਈ ਤੇਜ਼ੀ


ਯੂ. ਐੱਸ. ਫੈਡ ਨੇ ਵਿਆਜ ਦਰਾਂ 'ਚ ਕਟੌਤੀ ਦੇ ਸੰਕੇਤ ਦਿੱਤੇ ਹਨ।ਇਸ ਨਾਲ ਸੋਨੇ ਨੂੰ ਲੈ ਕੇ ਇਕ ਵਾਰ ਫਿਰ ਸੈਂਟੀਮੈਂਟ ਮਜਬੂਤ ਹੋਏ ਹਨ।ਮਿਡਲ ਈਸਟ 'ਚ ਤਣਾਅ ਵਧਣ ਕਾਰਨ ਵੀ ਨਿਵੇਸ਼ਕ ਸੋਨੇ ਦਾ ਰੁਖ਼ ਕਰ ਰਹੇ ਹਨ।ਯੂ. ਐੱਸ. ਅਤੇ ਈਰਾਨ ਵਿਚਾਲੇ ਟੈਨਸ਼ਨ ਵਧਣ ਦਾ ਖਦਸ਼ਾ ਹੈ।ਇਨ੍ਹਾਂ ਕਾਰਨ ਸੋਨੇ ਦੀਆਂ ਕੀਮਤਾਂ ਕੌਮਾਂਤਰੀ ਬਾਜ਼ਾਰ 'ਚ ਤੇਜ਼ੀ 'ਚ ਹਨ, ਜਿਸ ਦਾ ਪ੍ਰਭਾਵ ਸਥਾਨਕ ਬਾਜ਼ਾਰ 'ਚ ਵੀ ਦਿਸ ਰਿਹਾ ਹੈ।
ਉੱਥੇ ਹੀ, ਬਜਟ 'ਚ ਸੋਨੇ ਅਤੇ ਹੋਰ ਕੀਮਤੀ ਧਾਤਾਂ 'ਤੇ ਕਸਟਮ ਡਿਊਟੀ 10 ਤੋਂ ਵਧਾ ਕੇ 12.5 ਫੀਸਦੀ ਕੀਤੀ ਗਈ ਹੈ। ਸਰਕਾਰ ਨੇ ਇਹ ਵਿਵਸਥਾ ਅਜਿਹੇ ਸਮੇਂ ਕੀਤੀ ਹੈ, ਜਦੋਂ ਘਰੇਲੂ ਗਹਿਣਾ ਉਦਯੋਗ ਇੰਪੋਰਟ ਡਿਊਟੀ 'ਚ ਕਟੌਤੀ ਦੀ ਮੰਗ ਕਰ ਰਿਹਾ ਸੀ।
 

 

ਇਸ ਕਾਰਨ ਹੋਰ ਹੋ ਸਕਦਾ ਹੈ ਮਹਿੰਗਾ
ਘਰੇਲੂ ਤੇ ਬਾਹਰੀ ਕਾਰਨਾਂ ਕਰਕੇ ਸੋਨਾ ਹੋਰ ਮਹਿੰਗਾ ਹੋਣ ਦਾ ਖਦਸ਼ਾ ਹੈ। ਅਮਰੀਕਾ ਤੇ ਚੀਨ ਦਰਮਿਆਨ ਵਪਾਰ ਜੰਗ ਵਧੀ ਤਾਂ ਇਕੁਇਟੀ ਮਾਰਕੀਟ 'ਤੇ ਦਬਾਅ ਹੋਵੇਗਾ, ਜਿਸ ਨਾਲ ਸੋਨੇ ਨੂੰ ਸਮਰਥਨ ਮਿਲੇਗਾ।ਇਸ ਦੇ ਇਲਾਵਾ ਘਰੇਲੂ ਪੱਧਰ 'ਤੇ ਵਿਆਹਾਂ ਦਾ ਜ਼ੋਰ ਹੈ, ਜਿਸ ਨਾਲ ਮੰਗ ਵਧਣ ਦੀ ਪੂਰੀ ਸੰਭਾਵਨਾ ਹੈ। ਉੱਥੇ ਹੀ, ਮੰਦੀ ਦੇ ਖਦਸ਼ੇ ਕਾਰਨ ਵਿਸ਼ਵ ਦੇ ਕਈ ਬੈਂਕਾਂ ਵੱਲੋਂ ਸੋਨੇ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ, ਜਿਸ ਨਾਲ ਕੀਮਤਾਂ 'ਚ ਤੇਜ਼ੀ ਦੇ ਆਸਾਰ ਹਨ।