ਗੋ ਏਅਰ ’ਤੇ ਪਈ ਖ਼ਰਾਬ ਮੌਸਮ ਅਤੇ ਵਿਰੋਧ ਪ੍ਰਦਰਸ਼ਨ ਦੀ ਦੋਹਰੀ ਮਾਰ, ਰੱਦ ਕੀਤੀਆਂ 18 ਘਰੇਲੂ ਉਡਾਣਾਂ

12/23/2019 8:21:11 PM

ਮੁੰਬਈ (ਭਾਸ਼ਾ)-ਜਹਾਜ਼ਾਂ ਅਤੇ ਕਾਕਪਿਟ ਕਰਮਚਾਰੀਆਂ ਦੀ ਕਮੀ ਤੋਂ ਇਲਾਵਾ ਦੇਸ਼ ਭਰ ’ਚ ਨਾਗਰਿਕਤਾ (ਸੋਧ) ਕਾਨੂੰਨ ਦੇ ਵਿਰੋਧ ਪ੍ਰਦਰਸ਼ਨ ਕਾਰਣ ਬਜਟ ਏਅਰਲਾਈਨ ਕੰਪਨੀ ਗੋ ਏਅਰ ਨੇ 18 ਘਰੇਲੂ ਉਡਾਣਾਂ ਰੱਦ ਕਰ ਦਿੱਤੀਆਂ। ਇਨ੍ਹਾਂ ’ਚ ਦਿੱਲੀ, ਮੁੰਬਈ, ਬੈਂਗਲੁਰੂ, ਕੋਲਕਾਤਾ ਅਤੇ ਪਟਨਾ ਦੀਆਂ ਉਡਾਣਾਂ ਸ਼ਾਮਲ ਹਨ। ਇਕ ਸੂਤਰ ਨੇ ਦੱਸਿਆ ਕਿ ਏਅਰਲਾਈਨ ਦੇ ਏ320 ਨੀਓ ਜਹਾਜ਼ਾਂ ਦੇ ਇੰਜਨ ’ਚ ਗਡ਼ਬਡ਼ੀ ਸਮੇਤ ਹੋਰ ਦਿੱਕਤਾਂ ਕਾਰਣ ਕਈ ਜਹਾਜ਼ਾਂ ਦਾ ਸੰਚਾਲਨ ਨਹੀਂ ਹੋ ਰਿਹਾ ਹੈ, ਜਿਸ ਨਾਲ ਜਹਾਜ਼ਾਂ ਦੀ ਕਮੀ ਹੋ ਰਹੀ ਹੈ।

ਇਨ੍ਹਾਂ ਸ਼ਹਿਰਾਂ ਦੀਆਂ ਉਡਾਣਾਂ ਹੋਈਆਂ ਰੱਦ

ਗੋ ਏਅਰ ਨੇ ਮੁੰਬਈ, ਗੋਆ, ਬੈਂਗਲੁਰੂ, ਦਿੱਲੀ, ਸ਼੍ਰੀਨਗਰ, ਜੰਮੂ, ਪਟਨਾ, ਇੰਦੌਰ ਅਤੇ ਕੋਲਕਾਤਾ ਤੋਂ 18 ਉਡਾਣਾਂ ਰੱਦ ਕਰ ਦਿੱਤੀਆਂ। ਜਹਾਜ਼ਾਂ ਦੀ ਕਮੀ ਅਤੇ ਕਰਮਚਾਰੀਆਂ ਦੀ ਕਮੀ ਕਾਰਣ ਏਅਰਲਾਈਨ ਨੂੰ ਇਹ ਫੈਸਲਾ ਲੈਣਾ ਪਿਆ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਖ਼ਰਾਬ ਮੌਸਮ, ਘੱਟ ਵਿਜ਼ੀਬਿਲਿਟੀ ਅਤੇ ਦੇਸ਼ ਦੇ ਕੁੱਝ ਹਿੱਸਿਆਂ ’ਚ ਨਾਗਰਿਕਤਾ (ਸੋਧ) ਕਾਨੂੰਨ ਦੇ ਵਿਰੋਧ ’ਚ ਚੱਲ ਰਹੇ ਪ੍ਰਦਰਸ਼ਨ ਕਾਰਣ ਗੋ ਏਅਰ ਨੈੱਟਵਰਕ ਦੀਆਂ ਕਈ ਉਡਾਣਾਂ ਪ੍ਰਭਾਵਿਤ ਹੋਈਆਂ। ਕਮਚਾਰੀਆਂ ਦੀ ਉਡਾਣ ਦੀ ਸਮਾਂ-ਹੱਦ ਸਬੰਧੀ ਨਿਯਮਾਂ ਕਾਰਣ ਮੁਸ਼ਕਿਲ ਅਤੇ ਵਧ ਗਈ ਹੈ।

ਯਾਤਰੀ ਕਰ ਰਹੇ ਪ੍ਰੇਸ਼ਾਨੀ ਦਾ ਸਾਹਮਣਾ

ਉਡਾਣਾਂ ਰੱਦ ਹੋਣ ਨਾਲ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਯਾਤਰੀ ਨੇ ਟਵੀਟ ਕੀਤਾ, ਗੋ ਏਅਰ ਨੇ ਮੈਨੂੰ ਤੜਕੇ 1.43 ਵਜੇ ਮੈਸੇਜ ਭੇਜਿਆ ਕਿ 4.55 ਵਜੇ ਦੀ ਨਿਰਧਾਰਤ ਉਸ ਦੀ ਉਡਾਣ ਰੱਦ ਕਰ ਦਿੱਤੀ ਗਈ ਹੈ। ਇਸ ’ਚ ਉਨ੍ਹਾਂ ਕਿਹਾ ਕਿ ਮੈਨੂੰ 24 ਘੰਟੇ ਦੇ ਅੰਦਰ ਸੰਪਰਕ ਕਰਨਗੇ। ਉਦੋਂ ਤੱਕ ਮੈਨੂੰ ਕੀ ਕਰਨਾ ਚਾਹੀਦਾ ਹੈ? ਹੈਲਪਲਾਈਨ ’ਤੇ ਵੀ ਕੋਈ ਜਵਾਬ ਨਹੀਂ ਮਿਲ ਰਿਹਾ।’’ ਬੁਲਾਰੇ ਨੇ ਕਿਹਾ ਕਿ ਯਾਤਰੀਆਂ ਦੀ ਪ੍ਰੇਸ਼ਾਨੀ ਦੂਰ ਕਰਨ ਲਈ ਬਦਲਵੀਂ ਉਡਾਣ ਦੀ ਵਿਵਸਥਾ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਪ੍ਰਭਾਵਿਤ ਲੋਕਾਂ ਨੂੰ ਰੱਦ ਕਰਨ ਦੀ ਮੁਫਤ ਸਹੂਲਤ ਅਤੇ ਫਿਰ ਤੋਂ ਬੁਕਿੰਗ ਕਰਨ ਦੇ ਬਦਲ ਦਿੱਤੇ ਜਾ ਰਹੇ ਹਨ।


Karan Kumar

Content Editor

Related News