Corona Virus ਕਾਰਨ 2020 ''ਚ ਪ੍ਰਭਾਵਿਤ ਹੋ ਸਕਦਾ ਹੈ ਗਲੋਬਲ ਆਰਥਿਕ ਵਾਧਾ : IMF

02/17/2020 2:04:39 PM

ਦੁਬਈ — ਅੰਤਰਰਾਸ਼ਟਰੀ ਮੁਦਰਾ ਫੰਡ ਦੀ ਪ੍ਰਮੁੱਖ ਨੇ ਐਤਵਾਰ ਨੂੰ ਕਿਹਾ ਕਿ ਇਸ ਸਾਲ ਕੋਰੋਨਾ ਵਾਇਰਸ ਕਾਰਨ ਫੈਲੀ ਮਹਾਂਮਾਰੀ ਗਲੋਬਲ ਆਰਥਿਕ ਵਾਧਾ ਦਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਪਰ ਇਸ ਤੋਂ ਬਾਅਦ ਤੇਜ਼ੀ ਨਾਲ ਆਰਥਿਕ ਸੁਧਾਰ ਦੇਖਣ ਨੂੰ ਮਿਲ ਸਕਦਾ ਹੈ। IMF ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਾਲਿਨਾ ਜਾਰਜੀਵਾ ਨੇ ਦੁਬਈ 'ਚ 'ਗਲੋਬਲ ਵੂਮੈਨਸ ਫੋਰਮ' ਨੂੰ ਦੱਸਿਆ, 'ਵਾਧਾ ਦਰ 'ਚ ਗਿਰਾਵਟ ਆ ਸਕਦੀ ਹੈ, ਸਾਡਾ ਅੰਦਾਜ਼ਾ ਹੈ ਕਿ ਇਹ ਗਿਰਾਵਟ 0.1-0.2 ਫੀਸਦੀ ਦੇ ਆਸਪਾਸ ਹੋ ਸਕਦੀ ਹੈ।' ਉਨ੍ਹਾਂ ਨੇ ਕਿਹਾ ਕਿ ਇਸ ਬਿਮਾਰੀ ਤੋਂ ਪਹਿਲਾਂ ਹੀ 1,600 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਦਾ ਪੂਰਾ ਅਸਰ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਬਿਮਾਰੀ 'ਤੇ ਕਿੰਨੀ ਜਲਦੀ ਕਾਬੂ ਪਾਇਆ ਜਾਂਦਾ ਹੈ।

ਜਾਰਜੀਵਾ ਨੇ ਕਿਹਾ, 'ਮੈਂ ਸਾਰਿਆਂ ਨੂੰ ਇਹ ਸਲਾਹ ਦੇਵਾਂਗੀ ਕਿ ਜਲਦਬਾਜ਼ੀ ਵਿਚ ਕਿਸੇ ਫੈਸਲੇ ਤੱਕ ਨਾ ਪਹੁੰਚਣ। ਅਜੇ ਵੀ ਅਨਿਸ਼ਚਿਤਤਾ ਵਿਚ ਬਹੁਤ ਕੁਝ ਲੁਕਿਆ ਹੈ। ਅਸੀਂ ਅੰਦਾਜ਼ਿਆਂ ਨਾਲ ਨਹੀਂ ਸਗੋਂ ਤੱਥਾਂ ਦੇ ਨਾਲ ਕੰਮ ਕਰਦੇ ਹਾਂ, ਮੇਰੇ ਕੋਲੋਂ 10 ਦਿਨਾਂ ਬਾਅਦ ਪੁੱਛਣਾ।' ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੇ ਅਸਰ ਦਾ ਪੂਰਾ ਮੁਲਾਂਕਣ ਕਰਨਾ ਅਜੇ 'ਬਹੁਤ ਜਲਦੀ' ਹੋਵੇਗਾ, ਪਰ ਉਨ੍ਹਾਂ ਨੇ ਇਹ ਵੀ ਮੰਨਿਆ ਕਿ ਇਸ ਨਾਲ ਸੈਰ ਸਪਾਟਾ ਅਤੇ ਆਵਾਜਾਈ ਵਰਗੇ ਖੇਤਰ ਜ਼ਿਆਦਾ ਪ੍ਰਭਾਵਿਤ ਹੋ ਚੁੱਕੇ ਹਨ।

ਉਨ੍ਹਾਂ ਨੇ ਕਿਹਾ, ' ਇਸ ਬਾਰੇ 'ਚ ਕੁਝ ਵੀ ਕਹਿਣਾ ਅਜੇ ਜਲਦਬਾਜ਼ੀ ਹੋਵੇਗਾ, ਕਿਉਂਕਿ ਅਸੀਂ ਨਹੀਂ ਜਾਣਦੇ ਕਿ ਇਹ ਵਾਇਰਸ ਕਿਸ ਤਰ੍ਹਾਂ ਦਾ ਹੈ। ਅਸੀਂ ਇਹ ਵੀ ਨਹੀਂ ਜਾਣਦੇ ਹਾਂ ਕਿ ਚੀਨ ਇਸ 'ਤੇ ਕਿੰਨੀ ਜਲਦੀ ਕਾਬੂ ਪਾ ਸਕੇਗਾ। ਅਸੀਂ ਇਹ ਵੀ ਨਹੀਂ ਜਾਣਦੇ ਕਿ ਕੀ ਬਾਕੀ ਦੁਨੀਆ 'ਚ ਇਹ ਫੈਲੇਗਾ? ਉਨ੍ਹਾਂ ਨੇ ਕਿਹਾ ਕਿ ਜੇਕਰ ਇਸ 'ਤੇ ਜਲਦੀ ਨਾਲ ਕਾਬੂ ਪਾ ਲਿਆ ਜਾਂਦਾ ਹੈ ਤਾਂ ਤੇਜ਼ੀ ਨਾਲ ਗਿਰਾਵਟ ਅਤੇ ਤੇਜ਼ੀ ਨਾਲ ਉਛਾਲ ਆ ਸਕਦਾ ਹੈ ਜਿਸ ਨੂੰ 'ਵੀ-ਅਸਰ' ਕਿਹਾ ਜਾਂਦਾ ਹੈ।