ਮਹਿੰਗਾਈ ਦੌਰਾਨ ਘਟ ਸਕਦੀਆਂ ਹਨ ਘਿਓ-ਮੱਖਣ ਦੀਆਂ ਕੀਮਤਾਂ, GST ਦਰਾਂ ’ਚ ਕਟੌਤੀ ਕਰੇਗੀ ਸਰਕਾਰ

07/19/2023 10:38:45 AM

ਜਲੰਧਰ (ਇੰਟ.)- ਟਮਾਟਰ ਅਤੇ ਸਬਜ਼ੀਆਂ ਦੀ ਮਹਿੰਗਾਈ ਦੀ ਮਾਰ ਝਲ ਰਹੀ ਜਨਤਾ ਨੂੰ ਆਉਣ ਵਾਲੇ ਦਿਨਾਂ ’ਚ ਘਿਓ ਅਤੇ ਮੱਖਣ ਦੀਆਂ ਕੀਮਤਾਂ ’ਚ ਥੋੜ੍ਹੀ ਰਾਹਤ ਮਿਲ ਸਕਦੀ ਹੈ। ਦਰਅਸਲ ਸਰਕਾਰ ਘਿਓ ਅਤੇ ਮੱਖਣ ’ਤੇ ਮਾਲ ਤੇ ਸੇਵਾ ਕਰ ਯਾਨੀ ਜੀ. ਐੱਸ. ਟੀ. ਦੀਆਂ ਦਰਾਂ ਨੂੰ ਘਟ ਕਰਨ ਦਾ ਪ੍ਰਸਤਾਵ ਲਿਆਉਣ ਵਾਲੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਘਿਓ ਅਤੇ ਮੱਖਣ ਦੋਵਾਂ ’ਤੇ 12 ਫ਼ੀਸਦੀ ਦੀ ਦਰ ਨਾਲ ਜੀ. ਐੱਸ. ਟੀ. ਲੱਗਦਾ ਹੈ ਅਤੇ ਕੇਂਦਰ ਸਰਕਾਰ ਇਸ ਨੂੰ ਘਟਾ ਕੇ 5 ਫ਼ੀਸਦੀ ਕਰਨ ਦੀ ਤਿਆਰੀ ਕਰ ਰਹੀ ਹੈ।

ਇਹ ਵੀ ਪੜ੍ਹੋ : ਮਹਿੰਗਾਈ ਨੇ ਕੱਢੇ ਵੱਟ : ਟਮਾਟਰ ਤੋਂ ਬਾਅਦ ਹੁਣ ਆਸਮਾਨ ਛੂਹਣ ਲੱਗੀਆਂ ਸੇਬ ਦੀਆਂ ਕੀਮਤਾਂ

ਡੇਅਰੀ ਵਿਭਾਗ ਨੇ ਸਰਕਾਰ ਨੂੰ ਭੇਜਿਆ ਹੈ ਪ੍ਰਸਤਾਵ
ਦੁੱਧ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਅਤੇ ਲੋਕਾਂ ਨੂੰ ਇਸ ਤੋਂ ਵੀ ਰਾਹਤ ਨਹੀਂ ਮਿਲ ਰਹੀ ਹੈ। ਪਿਛਲੇ ਇਕ ਸਾਲ ’ਚ ਦੁੱਧ 10.1 ਫ਼ੀਸਦੀ ਅਤੇ 3 ਸਾਲਾਂ ’ਚ 21.9 ਫ਼ੀਸਦੀ ਮਹਿੰਗਾ ਹੋਇਆ ਹੈ। ਸੂਤਰਾਂ ਮੁਤਾਬਕ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਨੇ ਸਰਕਾਰ ਤੋਂ ਘਿਓ ਅਤੇ ਮੱਖਣ ’ਤੇ ਜੀ. ਐੱਸ. ਟੀ. ਘਟ ਕਰਨ ਦੀ ਅਪੀਲ ਕੀਤੀ ਹੈ। ਵਿਭਾਗ ਨੇ ਵਿੱਤ ਮੰਤਰਾਲਾ ਨੂੰ ਕਿਹਾ ਕਿ ਉਹ ਇਸ ਨੂੰ ਲੈ ਕੇ ਜੀ. ਐੱਸ. ਟੀ. ਫਿਟਮੈਂਟ ਕਮੇਟੀ ਸਾਹਮਣੇ ਪ੍ਰਸਤਾਵ ਰੱਖੇ। ਉਸ ਤੋਂ ਬਾਅਦ ਪ੍ਰਸਤਾਵ ਨੂੰ ਜੀ. ਐੱਸ. ਟੀ. ਪ੍ਰੀਸ਼ਦ ਦੇ ਸਾਹਮਣੇ ਰੱਖਿਆ ਜਾ ਸਕਦਾ ਹੈ। ਆਪਣੇ ਪ੍ਰਸਤਾਵ ’ਚ ਡੇਅਰੀ ਵਿਭਾਗ ਨੇ ਕਿਹਾ ਕਿ ਜੇਕਰ ਤੁਸੀਂ ਘਿਓ ਨੂੰ ਲਗਜ਼ਰੀ ਪ੍ਰੋਡਕਟ ਦੀ ਕੈਟਾਗਿਰੀ ’ਚ ਰੱਖਦੇ ਹੋ ਅਤੇ ਇਸ ’ਤੇ 12 ਫ਼ੀਸਦੀ ਜੀ. ਐੱਸ. ਟੀ. ਸਲੈਬ ਲਾਉਂਦੇ ਹੋ ਤਾਂ ਇਸ ਦਾ ਨੁਕਸਾਨ ਖਪਤਕਾਰਾਂ ਦੇ ਨਾਲ ਕਿਸਾਨਾਂ ਨੂੰ ਵੀ ਹੋਵੇਗਾ।

ਇਹ ਵੀ ਪੜ੍ਹੋ : 1 ਤੋਂ 15 ਜੁਲਾਈ ਤੱਕ ਦੇਸ਼ ’ਚ ਘਟੀ ਪੈਟਰੋਲ-ਡੀਜ਼ਲ ਦੀ ਮੰਗ, ਜਾਣੋ ਕੀ ਹੈ ਮੁੱਖ ਵਜ੍ਹਾ

ਕਿਸਾਨਾਂ ’ਤੇ ਇਸ ਤਰ੍ਹਾਂ ਪੈ ਰਿਹਾ ਅਸਰ
ਇੰਡੀਅਨ ਡੇਅਰੀ ਐਸੋਸੀਏਸ਼ਨ ਦੇ ਪ੍ਰਧਾਨ ਰੁਪਿੰਦਰ ਸਿੰਘ ਸੋਢੀ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਾਮ ਦਾ ਤੇਲ ਬਾਹਰ ਤੋਂ ਦਰਾਮਦ ਕੀਤਾ ਜਾਂਦਾ ਹੈ ਪਰ ਉਸ ’ਤੇ ਸਿਰਫ਼ 5 ਫ਼ੀਸਦੀ ਹੀ ਜੀ. ਐੱਸ. ਟੀ. ਲੱਗਦਾ ਹੈ ਪਰ ਘਿਓ ਅਤੇ ਮੱਖਣ ’ਤੇ 12 ਫ਼ੀਸਦੀ ਜੀ. ਐੱਸ. ਟੀ. ਲੱਗਦਾ ਹੈ। ਸੋਢੀ ਨੇ ਦੱਸਿਆ ਕਿ ਘਿਓ ’ਤੇ 12 ਫ਼ੀਸਦੀ ਜੀ. ਐੱਸ. ਟੀ. ਲਾਉਣ ਦਾ ਮਤਲਬ ਹੈ ਪ੍ਰਤੀ ਕਿਲੋ ’ਤੇ 70 ਰੁਪਏ ਦਾ ਵਾਧਾ। ਇਕ ਕਿਲੋ ਘਿਓ ਬਣਾਉਣ ’ਚ 12 ਤੋਂ 14 ਲਿਟਰ ਦੁੱਧ ਲੱਗਦਾ ਹੈ। ਇਸ ਨਾਲ ਕਿਸਾਨਾਂ ਨੂੰ 5 ਤੋਂ 6 ਰੁਪਏ ਜ਼ਿਆਦਾ ਕਮਾਉਣ ਦਾ ਮੌਕਾ ਤਾਂ ਮਿਲਦਾ ਹੈ ਪਰ ਬਾਅਦ ’ਚ ਉਨ੍ਹਾਂ ਨੂੰ 12 ਫ਼ੀਸਦੀ ਜੀ. ਐੱਸ. ਟੀ. ਦੀ ਵਜ੍ਹਾ ਨਾਲ ਮਹਿੰਗਾ ਘਿਓ ਖਰੀਦਣਾ ਪੈਂਦਾ ਹੈ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਸਰਕਾਰ ਨਾ ਸਿਰਫ਼ ਖਪਤਕਾਰਾਂ ’ਤੇ ਟੈਕਸ ਲਾ ਰਹੀ ਹੈ, ਬਲਕਿ ਕਿਸਾਨਾਂ ’ਤੇ ਵੀ ਇਸ ਦਾ ਅਸਰ ਪੈਂਦਾ ਹੈ।

ਇਹ ਵੀ ਪੜ੍ਹੋ : ਟਮਾਟਰ-ਗੰਢਿਆਂ ਤੋਂ ਬਾਅਦ ਹੁਣ ਮਹਿੰਗੀ ਹੋਈ ਅਰਹਰ ਦੀ ਦਾਲ, ਸਾਲ 'ਚ 32 ਫ਼ੀਸਦੀ ਵਧੀ ਕੀਮਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

rajwinder kaur

This news is Content Editor rajwinder kaur