GDP ਵਾਧਾ ਦਰ ਤੀਜੀ ਤਿਮਾਹੀ ’ਚ ਘਟ ਕੇ 6.9 ਫ਼ੀਸਦੀ ਰਹਿਣ ਦਾ ਅੰਦਾਜ਼ਾ : SBI ਰਿਸਰਚ

02/29/2024 10:20:43 AM

ਮੁੰਬਈ (ਭਾਸ਼ਾ)- ਦੇਸ਼ ਦੀ ਆਰਥਿਕ ਵਾਧਾ ਦਰ ਚਾਲੂ ਵਿੱਤੀ ਸਾਲ ਦੀ ਦਸੰਬਰ ਤਿਮਾਹੀ ’ਚ 6.7 ਤੋਂ 6.9 ਫ਼ੀਸਦੀ ਰਹਿ ਸਕਦੀ ਹੈ। ਇਹ ਦੂਜੀ ਤਿਮਾਹੀ ਦੀ 7.6 ਫ਼ੀਸਦੀ ਵਾਧਾ ਦਰ ਦੇ ਮੁਕਾਬਲੇ ਤੋਂ ਘੱਟ ਹੈ, ਜਿਸ ਦਾ ਕਾਰਨ ਖੇਤੀਬਾੜੀ ਖੇਤਰ ਦੀ ਮਾੜੀ ਕਾਰਗੁਜ਼ਾਰੀ ਹੈ। ਐੱਸ. ਬੀ. ਆਈ. ਰਿਸਰਚ ਦੀ ਬੁੱਧਵਾਰ ਨੂੰ ਜਾਰੀ ਰਿਪੋਰਟ ’ਚ ਇਹ ਅੰਦਾਜ਼ਾ ਪ੍ਰਗਟਾਇਆ ਗਿਆ ਹੈ।

ਦੱਸ ਦੇਈਏ ਕਿ ਵਿੱਤੀ ਸਾਲ 2023-24 ਦੀ ਤੀਜੀ ਤਿਮਾਹੀ ਲਈ ਜੀ. ਡੀ. ਪੀ. (ਕੁੱਲ ਘਰੇਲੂ ਉਤਪਾਦ) ਵਾਧਾ ਦਰ ਦੇ ਅਧਿਕਾਰਤ ਅੰਕੜੇ ਜਾਰੀ ਹੋਣ ਤੋਂ ਇਕ ਦਿਨ ਪਹਿਲਾਂ ਇਹ ਰਿਪੋਰਟ ਆਈ ਹੈ। ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਆਰਥਿਕ ਵਾਧਾ ਦਰ 7.6 ਫ਼ੀਸਦੀ ਰਹੀ, ਜੋ ਉਮੀਦ ਤੋਂ ਕਿਤੇ ਜ਼ਿਆਦਾ ਹੈ। ਇਸ ਨਾਲ ਭਾਰਤ ਦੁਨੀਆ ’ਚ ਸਭ ਤੋਂ ਤੇਜ਼ ਆਰਥਿਕ ਵਾਧਾ ਦਰ ਹਾਸਲ ਕਰਨ ਵਾਲਾ ਦੇਸ਼ ਬਣਿਆ ਰਿਹਾ। 

ਦੂਜੇ ਪਾਸੇ ਵਾਧਾ ਦਰ ’ਚ ਵਾਧੇ ਦਾ ਮੁੱਖ ਕਾਰਨ ਸਰਕਾਰੀ ਖਰਚੇ ਅਤੇ ਨਿਰਮਾਣ ਗਤੀਵਿਧੀਆਂ ’ਚ ਤੇਜ਼ੀ ਰਹੀ। ਐੱਸ. ਬੀ. ਆਈ. ਰਿਸਰਚ ਦਾ ਤੀਜੀ ਤਿਮਾਹੀ ’ਚ 6.7 ਫ਼ੀਸਦੀ ਤੋਂ 6.9 ਫ਼ੀਸਦੀ ਵਾਧਾ ਦਰ ਦਾ ਅੰਦਾਜ਼ਾ ਰਿਜ਼ਰਵ ਬੈਂਕ ਦੇ 7 ਫ਼ੀਸਦੀ ਵਾਧੇ ਦੇ ਅੰਦਾਜ਼ੇ ਤੋਂ ਘੱਟ ਹੈ। ਇਸ ਦੇ ਨਾਲ ਹੀ ਐੱਸ. ਬੀ. ਆਈ. ਰਿਸਰਚ ਨੇ ਚੌਥੀ ਤਿਮਾਹੀ ’ਚ ਵਾਧਾ ਦਰ 6.8 ਫ਼ੀਸਦੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ।

ਐੱਸ. ਬੀ. ਆਈ. ਰਿਸਰਚ ਨੇ ਕਿਹਾ ਕਿ ਅਕਤੂਬਰ-ਦਸੰਬਰ 2023 ਦੀ ਤਿਮਾਹੀ ’ਚ ਘੱਟ ਵਾਧਾ ਦਰ ਦੇ ਅੰਦਾਜ਼ੇ ਦਾ ਸਭ ਤੋਂ ਵੱਡਾ ਕਾਰਨ ਖੇਤੀਬਾੜੀ ਖੇਤਰ ਦਾ ਖ਼ਰਾਬ ਪ੍ਰਦਰਸ਼ਨ ਹੈ। ਮੱਛੀ ਪਾਲਣ ਨੂੰ ਛੱਡ ਕੇ ਸਮੁੱਚਾ ਖੇਤੀ ਸੈਕਟਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਖੇਤੀਬਾੜੀ ਮੰਤਰਾਲਾ ਦੇ ਪਹਿਲੇ ਅਗਾਊਂ ਅੰਦਾਜ਼ੇ ਅਨੁਸਾਰ 2023-24 ’ਚ ਪ੍ਰਮੁੱਖ ਸਾਉਣੀ ਦੀਆਂ ਫ਼ਸਲਾਂ ਦਾ ਉਤਪਾਦਨ 14.85 ਕਰੋੜ ਟਨ ਹੋਣ ਦਾ ਅੰਦਾਜ਼ਾ ਹੈ।

rajwinder kaur

This news is Content Editor rajwinder kaur