‘ਵਿੱਤੀ ਸਾਲ 2022-23 ’ਚ GDP ਗ੍ਰੋਥ 6.5-7 ਫੀਸਦੀ ਰਹਿਣ ਦੀ ਉਮੀਦ’

07/17/2021 11:49:19 AM

ਮੁੰਬਈ (ਭਾਸ਼ਾ) – ਕੋਵਿਡ-19 ਨੇ ਦੇਸ਼ ਦੀ ਅਰਥਵਿਵਸਥਾ ਨੂੰ ਵੱਡਾ ਝਟਕਾ ਦਿੱਤਾ ਹੈ ਪਰ ਹੁਣ ਅਰਥਵਿਵਸਥਾ ਹੌਲੀ-ਹੌਲੀ ਪਟੜੀ ’ਤੇ ਪਰਤ ਰਹੀ ਹੈ। ਦੇਸ਼ ’ਚ ਲਾਕਡਾਊਨ ਹਟਣ ਤੋਂ ਬਾਅਦ ਹਾਲਾਤ ਬਦਲ ਰਹੇ ਹਨ। ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਨਾਮੂਰਤੀ ਸੁਬਰਾਮਣੀਅਮ ਨੇ ਦੱਸਿਆ ਕਿ ਵਿੱਤੀ ਸਾਲ 2022-23 ਵਿਚ ਅਰਥਵਿਵਸਥਾ ਵਾਧਾ ਦਰ 6.5 ਤੋਂ 7 ਫੀਸਦੀ ਰਹਿਣ ਦੀ ਉਮੀਦ ਹੈ।

ਡਨ ਐਂਡ ਬ੍ਰੈਡਸਟ੍ਰੀਟ ਵਲੋਂ ਆਯੋਜਿਤ ਵੀਡੀਓ ਕਾਨਫਰੰਸ ਰਾਹੀ ਆਯੋਜਿਤ ਸੰਮਲੇਨ ’ਚ ਸੁਬਰਾਮਣੀਅਮ ਨੇ ਕਿਹਾ ਕਿ ਲਗਾਤਾਰ ਹੋ ਰਹੇ ਸੁਧਾਰ ਅਤੇ ਕੋਵਿਡ-19 ਦੇ ਵੈਕਸੀਨੇਸ਼ਨ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਰਫਤਾਰ ਮਿਲੇਗੀ। ਕੋਰੋਨਾ ਦੀ ਦੂਜੀ ਲਹਿਰ ਦਾ ਅਸਰ ਬਹੁਤ ਜ਼ਿਆਦਾ ਨਹੀਂ ਹੋਵੇਗਾ। ਪਿਛਲੇ ਡੇਢ ਸਾਲਾਂ ’ਚ ਕੀਤੇ ਗਏ ਜ਼ਰੂਰੀ ਸੁਧਾਰਾਂ ਨੂੰ ਦੇਖਦੇ ਹੋਏ ਮੈਂ ਇਹ ਕਹਿ ਸਕਦਾ ਹਾਂ ਕਿ ਭਾਰਤ ਦੀ ਅਰਥਵਿਵਸਥਾ ਦੀ ਵਾਧਾ ਦਰ ਦਹਾਕੇ ਦੇ ਉੱਚ ਪੱਧਰ ’ਤੇ ਹੋਵੇਗੀ।

ਸੁਬਰਾਮਣੀਅਮ ਨੇ ਕਿਹਾ ਕਿ ਸਰਕਾਰ ਨੇ ਖੇਤੀ, ਕਿਰਤ, ਪੀ. ਐੱਲ. ਆਈ. ਸਕੀਮ, ਐੱਮ. ਐੱਸ. ਐੱਮ. ਈ. ’ਚ ਬਦਲਾਅ ਕੀਤੇ ਹਨ। ਨਾਲ ਹੀ ਬੈਡ ਬੈਂਕ ਬਣਾਉਣ, ਪਬਲਿਕ ਸੈਕਟਰ ਬੈਂਕ ਦੇ ਨਿੱਜੀਕਰਨ ਵਰਗੇ ਖੇਤਰਾਂ ’ਚ ਸੁਧਾਰ ਵੀ ਕੀਤੇ ਗਏ ਹਨ। ਸਰਕਾਰ ਵਲੋਂ ਕੀਤੇ ਗਏ ਸੁਧਾਰ ਵਿਕਾਸ ਨੂੰ ਅੱਗੇ ਵਧਾਉਣਗੇ।

10 ਫੀਸਦੀ ਦੇ ਲਗਭਗ ਰਹੇਗੀ ਵਾਧਾ ਦਰ : ਵਿਵੇਕ ਦੇਬ ਰਾਏ

ਸੰਮੇਲਨ ’ਚ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪਰਿਸ਼ਦ (ਈ. ਏ. ਸੀ.-ਪੀ. ਐੱਮ.) ਦੇ ਪ੍ਰਧਾਨ ਵਿਵੇਕ ਦੇਬ ਰਾਏ ਨੇ ਕਿਹਾ ਕਿ ਜੀ. ਡੀ. ਪੀ. ਵਿਕਾਸ ਦਰ ਪਿਛਲੇ ਸਾਲ ਦੇ ਆਧਾਰ ’ਤੇ ਨਿਰਭਰ ਕਰਦੀ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਚਾਲੂ ਵਿੱਤੀ ਸਾਲ ਦੌਰਾਨ ਆਰਥਿਕ ਵਾਧਾ ਦਰ 10 ਫੀਸਦੀ ਦੇ ਲਗਭਗ ਰਹੇਗੀ।

ਆਰ. ਬੀ. ਆਈ. ਨੇ ਕੀ ਕਿਹਾ

ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਮੁਤਾਬਕ ਇਸ ਵਿੱਤੀ ਸਾਲ ’ਚ ਅਪ੍ਰੈਲ-ਜੂਨ ਦਰਮਿਆਨ ਜੀ. ਡੀ. ਪੀ. ਗ੍ਰੋਥ ਰੇਟ 9.5 ਫੀਸਦੀ ਸੰਭਵ ਹੈ। ਉੱਥੇ ਹੀ ਵਿੱਤੀ ਸਾਲ 2021-22 ਲਈ ਜੀ. ਡੀ. ਪੀ. ਗ੍ਰੋਥ ਰੇਟ 10.5 ਫੀਸਦੀ ਦੀ ਉਮੀਦ ਹੈ।

ਰੇਟਿੰਗ ਏਜੰਸੀ ਇਕਰਾ ਮੁਤਾਬਕ ਪਹਿਲੀ ਤਿਮਾਹੀ ਦੀ ਗ੍ਰੋਥ ਰੇਟ 10 ਫੀਸਦੀ ਰਹਿ ਸਕਦੀ ਹੈ। ਅਪ੍ਰੈਲ-ਜੂਨ ਤਿਮਾਹੀ ’ਚ ਗ੍ਰੋਥ ਰੇਟ ਦਹਾਈ ਅੰਕ ’ਚ ਵਧਣ ਦੇ ਆਸਾਰ ਹਨ। ਲਾਕਡਾਊਨ ਕਾਰਨ ਵਿੱਤੀ ਸਾਲ 2019-20 ਦੀ ਅਪ੍ਰੈਲ-ਜੂਨ ਤਿਮਾਹੀ ’ਚ ਜੀ. ਡੀ. ਪੀ. ਗ੍ਰੋਥ ’ਚ 23.7 ਫੀਸਦੀ ਦੀ ਗਿਰਾਵਟ ਆਈ ਸੀ। ਇਸ ਨਾਲ ਪੂਰੇ ਵਿੱਤੀ ਸਾਲ ’ਚ 7.3 ਫੀਸਦੀ ਦੀ ਗਿਰਾਵਟ ਆਈ ਹੈ।

Harinder Kaur

This news is Content Editor Harinder Kaur