ਜੇ ਨਹੀਂ ਹੈ ਪਛਾਣ ਪੱਤਰ ਤਾਂ ਵੀ ਮਿਲੇਗਾ ਉਜਵਲਾ ਗੈਸ ਕੁਨੈਕਸ਼ਨ

11/02/2019 12:14:05 AM

ਨਵੀਂ ਦਿੱਲੀ (ਇੰਟ.)-ਕੇਂਦਰ ਸਰਕਾਰ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦਾ ਦਾਇਰਾ ਵਧਾਉਣ ਦੀਆਂ ਤਿਆਰੀਆਂ ਕਰ ਰਹੀ ਹੈ। ਸਰਕਾਰ ਇਸ ਯੋਜਨਾ ਦੇ ਤਹਿਤ ਉਨ੍ਹਾਂ ਪਰਿਵਾਰਾਂ ਨੂੰ ਵੀ ਫਾਇਦਾ ਦੇਣ ਜਾ ਰਹੀ ਹੈ, ਜਿਨ੍ਹਾਂ ਕੋਲ ਕਿਸੇ ਪ੍ਰਕਾਰ ਦਾ ਕੋਈ ਪਛਾਣ ਪੱਤਰ ਨਹੀਂ ਹੈ। ਪੈਟਰੋਲੀਅਮ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਉਜਵਲਾ ਗੈਸ ਯੋਜਨਾ ਦੇ ਤਹਿਤ ਸਮਾਜ ਦੇ ਜ਼ਿਆਦਾਤਰ ਪਰਿਵਾਰਾਂ ਤੱਕ ਗੈਸ ਪੁੱਜ ਰਹੀ ਹੈ ਪਰ ਅਜੇ ਵੀ ਅਜਿਹੇ ਕੁਝ ਲੋਕ ਹਨ, ਜਿਨ੍ਹਾਂ ਕੋਲ ਕੋਈ ਪਛਾਣ ਪੱਤਰ ਨਹੀਂ ਹੈ ਇਸ ਕਾਰਣ ਉਹ ਯੋਜਨਾ ਦਾ ਲਾਭ ਨਹੀਂ ਲੈ ਸਕੇ ਹਨ। ਅਧਿਕਾਰੀ ਨੇ ਦੱਸਿਆ ਕਿ ਉਜਵਲਾ ਯੋਜਨਾ ਤਹਿਤ ਅਰਜ਼ੀ ਦੇਣ ਵਾਲੇ ਲਗਭਗ 5 ਫੀਸਦੀ ਪਰਿਵਾਰ ਅਜਿਹੇ ਸਨ, ਜਿਨ੍ਹਾਂ ਕੋਲ ਯੋਜਨਾ ਦਾ ਲਾਭ ਲੈਣ ਲਈ ਪ੍ਰਵਾਨ ਯੋਗ ਕੋਈ ਦਸਤਾਵੇਜ਼ ਨਹੀਂ ਸੀ। ਖਾਨਾਬਦੋਸ਼ ਜਾਤੀ ਨਾਲ ਇਹੋ ਮਸਲਾ ਹੈ। ਇਸ ਤੋਂ ਇਲਾਵਾ ਕਈ ਹੋਰਨਾਂ ਪਰਿਵਾਰਾਂ ਅੱਗੇ ਵੀ ਇਸੇ ਤਰ੍ਹਾਂ ਦਾ ਸੰਕਟ ਹੈ। ਵਜ਼ਾਰਤ ਪ੍ਰਵਾਨਯੋਗ ਦਸਤਾਵੇਜ਼ਾਂ ਦੀ ਸੂਚੀ ਵਿਚ ਤਬਦੀਲੀ ਕਰ ਰਿਹਾ ਹੈ। ਦੱਸਣਯੋਗ ਹੈ ਕਿ ਯੋਜਨਾ ਤਹਿਤ ਸਰਕਾਰ ਗਰੀਬ ਪਰਿਵਾਰਾਂ ਨੂੰ ਮੁਫਤ ਗੈਸ ਕੁਨੈਕਸ਼ਨ ਮੁਹੱਈਆ ਕਰਵਾਉਂਦੀ ਹੈ। ਇਸ ਲਈ ਗੈਸ ਕੰਪਨੀ ਨੂੰ 1600 ਰੁਪਏ ਪ੍ਰਤੀ ਕੁਨੈਕਸ਼ਨ ਸਬਸਿਡੀ ਦਿੰਦੀ ਹੈ।

ਇਸ ਤਰ੍ਹਾਂ ਲੋਕ ਲੈ ਸਕਣਗੇ ਲਾਭ-ਜਿਨ੍ਹਾਂ ਪਰਿਵਾਰਾਂ ਕੋਲ ਪਛਾਣ ਪੱਤਰ ਨਹੀਂ ਹੈ, ਉਨ੍ਹਾਂ ਲਈ ਮੰਤਰਾਲਾ ਨਿਯਮਾਂ ਵਿਚ ਤਬਾਦਲਾ ਕਰ ਰਿਹਾ ਹੈ। ਪਿੰਡ ਦੀ ਪੰਚਾਇਤ ਦਾ ਸਕੱਤਰ ਬਲਾਕ ਵਿਕਾਸ ਅਧਿਕਾਰੀ ਅਤੇ ਨਗਰ ਪਾਲਿਕਾ ਪ੍ਰੀਸ਼ਦ ਦੀ ਸਮਰਥ ਅਧਿਕਾਰੀ ਅਜਿਹੇ ਪਰਿਵਾਰਾਂ ਨੂੰ ਸਰਟੀਫਿਕੇਟ ਜਾਰੀ ਕਰ ਸਕਦਾ ਹੈ। ਇਸ ਦੇ ਅਧਾਰ 'ਤੇ ਉਨ੍ਹਾਂ ਨੂੰ ਗੈਸ ਕੁਨੈਕਸ਼ਨ ਮੰਤਰਾਲਾ ਵਲੋਂ ਦਿੱਤਾ ਜਾਵੇਗਾ।

Karan Kumar

This news is Content Editor Karan Kumar