ਪਾਕਿਸਤਾਨ 'ਚ ਕੱਪੜਾ ਕਾਰੋਬਾਰ ਵੀ ਠੱਪ, 70 ਲੱਖ ਲੋਕ ਹੋ ਗਏ ਬੇਰੁਜ਼ਗਾਰ

01/26/2023 1:42:37 PM

ਇਸਲਾਮਾਬਾਦ : ਆਰਥਿਕ ਮੰਦੀ ਅਤੇ ਕਰਜ਼ੇ ਦੀ ਮਾਰ ਪਾਕਿਸਤਾਨ ਦੇ ਸਾਰੇ ਖੇਤਰਾਂ 'ਤੇ ਸਾਫ਼ ਨਜ਼ਰ ਆ ਰਹੀ ਹੈ। ਆਟਾ ਅਤੇ ਬਿਜਲੀ ਸੰਕਟ ਤੋਂ ਇਲਾਵਾ ਰੇਲ ਕਿਰਾਏ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇੰਨਾ ਹੀ ਨਹੀਂ ਪਾਕਿਸਤਾਨ ਦੀ ਟੈਕਸਟਾਈਲ ਇੰਡਸਟਰੀ ਵੀ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਕੱਪੜਾ ਕਾਰੋਬਾਰ ਨਾਲ ਜੁੜੇ 70 ਲੱਖ ਮਜ਼ਦੂਰਾਂ ਨੂੰ ਨੌਕਰੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਪਿਛਲੇ ਸਾਲ ਆਏ ਹੜ੍ਹ ਨੇ ਕਪਾਹ ਦੀ ਫ਼ਸਲ ਦਾ ਵੱਡਾ ਹਿੱਸਾ ਤਬਾਹ ਕਰ ਦਿੱਤਾ ਸੀ। ਕਪਾਹ ਦੀ ਤਬਾਹੀ ਨੇ ਕੱਪੜਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਦੇ ਨਾਲ ਹੀ ਹੜ੍ਹਾਂ ਕਾਰਨ 1,700 ਤੋਂ ਵਧ ਲੋਕਾਂ ਦੀ ਮੌਤ ਵੀ ਹੋ ਗਈ ਹੈ। ਲਗਭਗ ਸਾਢੇ ਤਿੰਨ ਕਰੋੜ ਲੋਕ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ।

ਇਹ ਵੀ ਪੜ੍ਹੋ : ਕੰਗਾਲ ਪਾਕਿ 'ਚ ਭੁੱਖ ਨਾਲ ਮਰ ਰਹੇ ਲੋਕ! ਸਰਕਾਰ ਨੇ ਲਗਜ਼ਰੀ ਵਾਹਨਾਂ 'ਤੇ ਖ਼ਰਚ ਕੀਤੇ 259 ਕਰੋੜ ਰੁਪਏ

ਜਿਹੜੀਆਂ ਮਿੱਲਾਂ ਬੰਦ ਹੋਈਆਂ ਹਨ ਇਨ੍ਹਾਂ ਵਿਚ ਬਣਨ ਵਾਲੀਆਂ ਚਾਦਰਾਂ, ਤੌਲੀਏ ਅਤੇ ਹੋਰ ਡੈਨੀਮ ਫੈਬਰਿਕ ਯੂਰਪ ਅਤੇ ਅਮਰੀਕਾ ਨੂੰ ਨਿਰਯਾਤ ਕੀਤਾ ਜਾਂਦਾ ਸੀ। ਇਸ ਤੋਂ ਇਲਾਵਾ ਤਾਜ਼ਾ ਟੈਕਸ ਵਾਧੇ ਨੇ ਉਦਯੋਗ ਨੂੰ ਹੋਰ ਤਬਾਹ ਕਰ ਦਿੱਤਾ ਹੈ। ਟੈਕਸਟਾਈਲ ਉਦਯੋਗ ਵਿੱਚ ਨਿਘਾਰ ਦਾ ਇਹ ਸਮਾਂ ਵੀ ਬਹੁਤ ਖ਼ਤਰਨਾਕ ਹੈ। ਇਸ ਸਮੇਂ ਪਾਕਿਸਤਾਨ ਨਕਦੀ ਦੀ ਕਮੀ, ਮਹਿੰਗਾਈ ਅਤੇ ਘਟਦੇ ਕਰੰਸੀ ਭੰਡਾਰ ਦੇ ਸੰਕਟ ਨਾਲ ਜੂਝ ਰਿਹਾ ਹੈ। ਇਸ ਦੇ ਨਾਲ ਹੀ ਉਹ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਦੇ ਸਖ਼ਤ ਨਿਯਮਾਂ ਦਾ ਵੀ ਸਾਹਮਣਾ ਕਰ ਰਿਹਾ ਹੈ। ਸਰਕਾਰੀ ਪਾਬੰਦੀਆਂ ਕਾਰਨ ਕੱਪੜਾ ਉਦਯੋਗ ਲੋੜੀਂਦਾ ਕੱਚਾ ਮਾਲ ਖਰੀਦਣ ਤੋਂ ਅਸਮਰੱਥ ਹੈ ਅਤੇ ਇਸੇ ਕਾਰਨ ਅੰਤਰਰਾਸ਼ਟਰੀ ਮੰਗ ਦੀ ਪੂਰਤੀ ਕਰਨ ਵਿਚ ਵੀ ਪਛੜ ਰਿਹਾ ਹੈ। ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਭਗ 4 ਅਰਬ ਡਾਲਰ 'ਤੇ ਆ ਗਿਆ ਹੈ, ਜੋ ਫਰਵਰੀ 2014 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਦੀ ਅਰਥਵਿਵਸਥਾ ਕੰਗਾਲੀ ਦੀ ਕਗਾਰ ’ਤੇ, ਭਾਰਤੀ ਕੰਪਨੀਆਂ ਦੇ ਬਿਜ਼ਨੈੱਸ ’ਤੇ ਹੋਵੇਗਾ ਅਸਰ

ਕੱਪੜਾ ਉਦਯੋਗ ਲਈ ਦੁਨੀਆ 'ਚ ਮਸ਼ਹੂਰ ਪਾਕਿਸਤਾਨ 'ਚ ਟੈਕਸਟਾਈਲ ਐਕਸਪੋਰਟ 'ਚ ਆਈ ਗਿਰਾਵਟ ਕਾਰਨ ਕਰੀਬ 70 ਲੱਖ ਕਾਮਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ, ਜਿਸ ਕਾਰਨ ਉੱਥੋਂ ਦਾ ਟੈਕਸਟਾਈਲ ਉਦਯੋਗ ਤਬਾਹੀ ਦੇ ਕੰਢੇ 'ਤੇ ਪਹੁੰਚ ਗਿਆ ਹੈ। ਦੱਸ ਦੇਈਏ ਕਿ ਟੈਕਸਟਾਈਲ ਉਤਪਾਦਨ ਦੇ ਮਾਮਲੇ ਵਿੱਚ ਪਾਕਿਸਤਾਨ ਮੋਹਰੀ ਦੇਸ਼ਾਂ ਵਿੱਚੋਂ ਇੱਕ ਹੈ। ਜਿਸ ਨੂੰ ਪਾਕਿਸਤਾਨ ਨੇ 2021 ਵਿੱਚ ਦੁਨੀਆ ਭਰ ਵਿੱਚ 19.3 ਬਿਲੀਅਨ ਡਾਲਰ ਦਾ ਕੱਪੜਾ ਨਿਰਯਾਤ ਕੀਤਾ ਸੀ। ਹੁਣ ਸਥਿਤੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਹੜ੍ਹਾਂ ਤੋਂ ਬਾਅਦ ਕਪਾਹ ਦੀ ਕਮੀ ਕਾਰਨ ਪਾਕਿਸਤਾਨ ਦੀਆਂ ਛੋਟੀਆਂ ਟੈਕਸਟਾਈਲ ਮਿੱਲਾਂ ਬੰਦ ਹੋ ਗਈਆਂ ਹਨ। ਜਦੋਂ ਕਿ ਇਸ ਦੇਸ਼ ਦੀ ਕੁੱਲ ਬਰਾਮਦ ਦਾ ਅੱਧਾ ਹਿੱਸਾ ਕੱਪੜਾ ਕਾਰੋਬਾਰ ਦਾ ਹੈ।

ਇਹ ਵੀ ਪੜ੍ਹੋ : ਬਿਜਲੀ ਸੰਕਟ ਨਾਲ ਨਜਿੱਠਣ ਲਈ ਪਾਕਿਸਤਾਨ ਦੀ ਮਦਦ ਲਈ ਤਿਆਰ: ਅਮਰੀਕਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 

Harinder Kaur

This news is Content Editor Harinder Kaur