ਗੇਲ ਅਗਲੇ ਪੰਜ ਸਾਲ ''ਚ ਕਰੇਗੀ 1.05 ਲੱਖ ਕਰੋੜ ਰੁਪਏ ਦਾ ਨਿਵੇਸ਼

02/24/2020 4:51:16 PM

ਨਵੀਂ ਦਿੱਲੀ — ਦੇਸ਼ ਦੀ ਸਭ ਤੋਂ ਵੱਡੀ ਗੈਸ ਕੰਪਨੀ ਗੇਲ ਇੰਡੀਆ ਲਿਮਟਿਡ ਅਗਲੇ ਪੰਜ ਸਾਲ ਦੌਰਾਨ ਗੈਸ ਅਧਾਰਤ ਬੁਨਿਆਦੀ ਢਾਂਚਾ ਸਹੂਲਤਾਂ ਵਿਚ 1.05 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਕੰਪਨੀ ਦੇ ਨਵੇਂ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮਨੋਜ ਜੈਨ ਨੇ ਸੋਮਵਾਰ ਨੂੰ ਕਿਹਾ ਕਿ ਇਸ ਰਾਸ਼ੀ ਦਾ ਨਿਵੇਸ਼ ਪਾਈਪਲਾਈਨ ਫੈਲਾਉਣ, ਸ਼ਹਿਰੀ ਗੈਸ ਵੰਡਣ ਨੈੱਟਵਰਕ ਅਤੇ ਪੈਟਰੋ ਕੈਮੀਕਲ ਉਤਪਾਦਨ ਸਮਰੱਥਾ ਵਧਾਉਣ 'ਤੇ ਕੀਤਾ ਜਾਵੇਗਾ। ਜੈਨ ਨੇ ਕਿਹਾ ਕਿ ਉਨ੍ਹਾਂ ਦੀ ਯੋਜਨਾ ਦੇਸ਼ ਦੇ ਊਰਜਾ ਸੈਕਟਰ ਵਿਚ 2030 ਤੱਕ ਕੁਦਰਤੀ ਗੈਸ ਦੇ ਹਿੱਸੇ ਨੂੰ ਮੌਜੂਦਾ ਸਮੇਂ ਦੇ 6.2 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰਨ ਦੀ ਹੈ। ਇਸ ਦੇ ਨਾਲ ਹੀ ਸਰਕਾਰ ਦੇ ਟੀਚੇ ਦੇ ਤਹਿਤ ਗੈਸ ਪਾਈਪ ਲਾਇਨਾਂ ਜ਼ਰੀਏ   ਪੂਰਬੀ ਅਤੇ ਉੱਤਰ-ਪੂਰਬੀ ਖੇਤਰਾਂ ਅਤੇ ਦੱਖਣੀ ਭਾਰਤ ਦੇ ਖਪਤਕਾਰਾਂ ਤੱਕ ਇਸ ਇੰਧਣ ਨੂੰ ਪਹੁੰਚਾਉਣ ਦੀ ਯੋਜਨਾ ਹੈ। 

ਜੈਨ ਨੇ ਇਥੇ ਪੱਤਰਕਾਰਾਂ ਨੂੰ ਦੱਸਿਆ,'ਅਸੀਂ ਪਾਈਪ ਲਾਈਨ ਵਿਛਾਉਣ 'ਤੇ 45,000 ਤੋਂ 50,000 ਕਰੋੜ ਰੁਪਏ, ਪੈਟਰੋ ਕੈਮੀਕਲ ਸਮਰੱਥਾ ਦੇ ਵਿਸਥਾਰ 'ਤੇ 10,000 ਕਰੋੜ ਰੁਪਏ ਅਤੇ ਸ਼ਹਿਰੀ ਗੈਸ ਵੰਡ ਕਾਰੋਬਾਰ(ਸੀਜੀ.ਡੀ.) 'ਤੇ 40,000 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ।'

ਨਰਿੰਦਰ ਮੋਦੀ ਦਾ ਵਿਜ਼ਨ ਦੇਸ਼ ਨੂੰ ਇਕ ਗੈਸ ਅਧਾਰਤ ਅਰਥ ਵਿਵਸਥਾ ਬਣਾਉਣ ਦਾ ਹੈ ਜੋ ਆਪਣੀ ਊਰਜਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪ੍ਰਦੂਸ਼ਣ ਫੈਲਾਉਣ ਵਾਲੇ ਈਂਧਣ 'ਤੇ ਨਿਰਭਰਤਾ ਨੂੰ ਘਟ ਕੀਤਾ ਜਾ ਸਕੇ।ਇਸੇ ਅਨੁਸਾਰ ਗੇਲ ਬੁਨਿਆਦੀ ਢਾਂਚੇ ਦੇ ਨਿਰਮਾਣ 'ਤੇ ਜ਼ੋਰ ਦੇ ਰਹੀ ਹੈ।  ਗੇਲ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਬੁਨਿਆਦੀ ਢਾਂਚੇ ਦਾ ਵਿਕਾਸ ਕਰ ਰਹੀ ਹੈ। ਜੈਨ ਨੇ ਕਿਹਾ ਕਿ ਗੇਲ ਇਸ ਸਮੇਂ 12,160 ਕਿਲੋਮੀਟਰ ਦਾ ਗੈਸ ਪਾਈਪ ਲਾਈਨ ਨੈਟਵਰਕ ਚਲਾਉਂਦੀ ਹੈ। ਦੇਸ਼ ਵਿਚ ਵਿਕਣ ਵਾਲੀਆਂ ਸਾਰੀਆਂ ਕੁਦਰਤੀ ਗੈਸਾਂ ਦਾ ਦੋ ਤਿਹਾਈ ਹਿੱਸਾ ਗੇਲ ਦੁਆਰਾ ਵੇਚਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੇਲ ਅਗਲੇ ਪੰਜ ਸਾਲਾਂ ਵਿਚ 7,000 ਕਿਲੋਮੀਟਰ ਦੀ ਨਵੀਂ ਪਾਈਪ ਲਾਈਨ ਸ਼ਾਮਲ ਕਰੇਗੀ। ਕੰਪਨੀ ਤਰਲ ਕੁਦਰਤੀ ਗੈਸ (ਐਲਐਨਜੀ) ਆਯਾਤ ਸਮਰੱਥਾ ਦਾ ਵਿਸਥਾਰ ਕਰ ਰਹੀ ਹੈ। ਗੇਲ ਦੇ ਕੋਲ ਦੇਸ਼ ਦੀ ਸਭ ਤੋਂ ਵੱਡੀ ਤਰਲ ਗੈਸ ਦਰਾਮਦ ਕਰਨ ਵਾਲੇ ਪੈਟਰੋਨੇਟ ਐਲ.ਐਨ.ਜੀ. 'ਚ ਕੁਝ ਹਿੱਸੇਦਾਰੀ ਹੈ। ਇਸ ਤੋਂ ਇਲਾਵਾ ਕੰਪਨੀ ਮਹਾਰਾਸ਼ਟਰ ਦੇ ਦਾਭੋਲ ਵਿਚ 50 ਲੱਖ ਟਨ ਐਲ.ਐਨ.ਜੀ. ਆਯਾਤ ਪਲਾਂਟ ਵੀ ਚਲਾਉਂਦੀ ਹੈ।