ਫਲ ਤੇ ਸਬਜ਼ੀਆਂ ਦੀ ਬਰਾਮਦ 15 ਫੀਸਦੀ ਡਿੱਗੀ
Monday, Jan 29, 2018 - 09:32 AM (IST)
ਨਵੀਂ ਦਿੱਲੀ—ਅਪ੍ਰੈਲ ਨਵੰਬਰ 2017 ਦੇ ਮੁਨਾਫੇ ਦੇ ਆਧਾਰ 'ਤੇ ਕਣਕ ਤੇ ਦਾਲਾਂ ਦੀ ਬਰਾਮਦਗੀ ਤੋਂ ਵੱਖ ਤਾਜ਼ਾ ਫਲ ਤੇ ਸਬਜ਼ੀਆਂ ਦੀਆਂ ਕੀਮਤਾਂ 'ਚ 15 ਫੀਸਦੀ ਦੀ ਕਮੀ ਆਈ ਹੈ। ਖੇਤੀ ਤੇ ਪ੍ਰੋਸੈਸਿੰਗ ਖੁਰਾਕ ਉਤਪਾਦ ਬਰਾਮਦ ਵਿਕਾਸ ਅਥਾਰਟੀ (ਏ. ਪੀ. ਈ. ਡੀ. ਏ.) ਅਨੁਸਾਰ ਇਸ ਦਾ ਮੁੱਖ ਕਾਰਨ ਸਭ ਤੋਂ ਵੱਡੇ ਬਰਾਮਦ ਬਾਜ਼ਾਰਾਂ 'ਚ ਪਿਆਜ਼, ਟਮਾਟਰ, ਕੇਲਾ ਤੇ ਕਿਸ਼ਮਿਸ਼ ਦੀ ਮੰਗ ਤੇ ਸਪਲਾਈ ਦੀ ਕਮੀ ਆਉਣਾ ਹੈ।
ਇਸ ਮਿਆਦ ਦੌਰਾਨ ਬਰਾਮਦ ਕੀਤੇ ਤਾਜ਼ਾ ਫਲ ਤੇ ਸਬਜ਼ੀਆਂ ਦੀ ਕੀਮਤ 5461 ਕਰੋੜ ਰੁਪਏ ਸੀ, ਜੋ 2016 ਦੀ ਇਸੇ ਮਿਆਦ ਦੌਰਾਨ ਕੀਮਤ ਦੇ ਮੁਕਾਬਲੇ 'ਚ 15 ਫੀਸਦੀ ਘੱਟ ਹੈ। ਏ. ਪੀ. ਈ. ਡੀ. ਏ. ਦੇ ਚੇਅਰਮੈਨ ਡੀ. ਕੇ. ਸਿੰਘ ਨੇ ਦੱਸਿਆ ਕਿ ਘੱਟ ਉਤਪਾਦਨ ਕਾਰਨ ਪਿਆਜ਼ ਦਾ ਘੱਟੋ-ਘੱਟ ਬਰਾਮਦ ਮੁੱਲ (ਐੱਮ. ਈ. ਪੀ.) ਵਧ ਕੇ 840 ਡਾਲਰ ਪ੍ਰਤੀ ਟਨ ਹੋਣ ਕਾਰਨ ਬਰਾਮਦ ਘੱਟ ਹੋਈ।
ਸਬਜ਼ੀਆਂ ਦੀ ਕੁਲ ਬਰਾਮਦ 'ਚ ਪਿਆਜ਼ ਦੀ ਹਿੱਸੇਦਾਰੀ 50 ਫੀਸਦੀ

ਉਨ੍ਹਾਂ ਦੱਸਿਆ ਕਿ ਤਾਜ਼ਾ ਸਬਜ਼ੀਆਂ ਦੀ ਕੁੱਲ ਬਰਾਮਦ 'ਚ ਪਿਆਜ਼ ਦੀ ਹਿੱਸੇਦਾਰੀ 50 ਫੀਸਦੀ ਹੈ। ਪਿਆਜ਼ ਦਾ ਐੱਮ. ਈ. ਪੀ. ਵਧਣ ਨਾਲ ਇਸ ਦੀ ਬਰਾਮਦ ਘੱਟ ਹੋਈ ਹੈ। ਕੇਂਦਰ ਸਰਕਾਰ ਨੇ ਘਰੇਲੂ ਬਾਜ਼ਾਰ 'ਚ ਪਿਆਜ਼ ਦੀ ਸਪਲਾਈ ਯਕੀਨੀ ਕਰਨ ਤੇ ਘੱਟ ਰੇਟ 'ਤੇ ਬਰਾਮਦ ਨੂੰ ਘੱਟ ਕਰਨ ਲਈ ਪਿਛਲੇ ਸਾਲ ਨਵੰਬਰ 'ਚ ਇਸ ਦੇ ਐੱਮ. ਈ. ਪੀ. ਦੀ ਵਾਧੂ ਦਰ ਯਕੀਨੀ ਕੀਤੀ ਸੀ।
ਦਾਲਾਂ ਤੇ ਕਣਕ ਦੀ ਬਰਾਮਦ ਵੀ ਘਟੀ

ਦਾਲਾਂ ਤੇ ਕਣਕ ਦੀ ਬਰਾਮਦ ਘਟ ਕੇ ਕ੍ਰਮਵਾਰ 87,760 ਟਨ ਤੇ 1,79,699 ਟਨ ਰਹੀ, ਜਦਕਿ ਪਿਛਲੇ ਸਾਲ ਇਹ ਕ੍ਰਮਵਾਰ 91,652 ਟਨ ਤੇ 2,18,494 ਟਨ ਰਹੀ ਸੀ। ਉਥੇ ਚੌਲਾਂ ਦੀ ਗੈਰ-ਬਾਸਮਤੀ ਕਿਸਮ ਦੀ ਬਰਾਮਦ ਸਮੀਖਿਆ ਅਧੀਨ ਮਿਆਦ 'ਚ ਵਧ ਕੇ 55.70 ਲੱਖ ਟਨ ਹੋ ਗਈ, ਜਦਕਿ ਪਿਛਲੇ ਸਾਲ ਦੀ ਇਸੇ ਮਿਆਦ 'ਚ ਇਹ 41.1 ਲੱਖ ਟਨ ਸੀ।
ਸਬਜ਼ੀਆਂ ਦੀ ਕੁੱਲ ਬਰਾਮਦ ਘਟ ਕੇ ਰਹੀ 16 ਲੱਖ ਟਨ
ਮਾਤਰਾ ਦੇ ਮਾਮਲੇ 'ਚ ਸਬਜ਼ੀਆਂ ਦੀ ਕੁੱਲ ਬਰਾਮਦ ਅਪ੍ਰੈਲ-ਨਵੰਬਰ 2017 ਦੌਰਾਨ ਘਟ ਕੇ 16 ਲੱਖ ਟਨ ਰਹੀ, ਜਦਕਿ ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ ਇਹ 22.80 ਲੱਖ ਟਨ ਸੀ। ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੂੰ ਭਾਰਤ ਤੋਂ ਅਪ੍ਰੈਲ-ਨਵੰਬਰ ਵਿਚਕਾਰ ਬਰਾਮਦ ਕੀਤੀਆਂ ਸਬਜ਼ੀਆਂ 'ਚ 18.3 ਫੀਸਦੀ, ਬਰਾਮਦ ਕੀਤੇ ਗਏ ਫਲਾਂ 'ਚ 18.3 ਫੀਸਦੀ ਹਿੱਸੇਦਾਰੀ ਰਹੀ। ਦੂਜੇ ਸਥਾਨ 'ਤੇ ਬੰਗਲਾਦੇਸ਼ ਰਿਹਾ, ਜਿਸ ਦੀਆਂ ਸਬਜ਼ੀਆਂ 'ਚ ਹਿੱਸੇਦਾਰੀ 12.2 ਫੀਸਦੀ ਤੇ ਮਲੇਸ਼ੀਆ 11.8 ਫੀਸਦੀ ਨਾਲ ਤੀਜੇ ਸਥਾਨ 'ਤੇ ਰਿਹਾ।
ਫਲਾਂ ਦੀ ਬਰਾਮਦ ਘਟ ਕੇ 3,68,361 ਟਨ ਰਹੀ
ਇਸੇ ਤਰ੍ਹਾਂ ਫਲਾਂ ਦੀ ਬਰਾਮਦ 2016 'ਚ 4,47,612 ਟਨ ਤੋਂ ਘਟ ਕੇ 2017 'ਚ 3,68,361 ਟਨ ਰਹੀ ਗਈ। ਭਾਰਤ ਜਿਨ੍ਹਾਂ ਦੇਸ਼ਾਂ ਨੂੰ ਬਰਾਮਦ ਕਰਦਾ ਹੈ, ਉਨ੍ਹਾਂ 'ਚ ਯੂ. ਏ. ਈ., ਬੰਗਲਾਦੇਸ਼, ਨੇਪਾਲ ਤੇ ਅਮਰੀਕਾ ਮੁੱਖ ਹਨ। ਯੂ. ਏ. ਈ. ਭਾਰਤੀ ਫਲਾਂ ਤੇ ਸਬਜ਼ੀਆਂ ਦਾ ਮੁੱਖ ਬਾਜ਼ਾਰ ਹੈ। ਇਸ ਤੋਂ ਬਾਅਦ ਨੇਪਾਲ, ਬੰਗਲਾਦੇਸ਼ ਤੇ ਮਲੇਸ਼ੀਆ ਆਉਂਦੇ ਹਨ। ਸਿੰਘ ਨੇ ਕਿਹਾ ਕਿ ਇਸ ਸਾਲ ਨੇਪਾਲ ਤੇ ਬੰਗਲਾਦੇਸ਼ 'ਚ ਸਾਡੇ ਫਲਾਂ ਤੇ ਸਬਜ਼ੀਆਂ ਦੀ ਮੰਗ ਡਿੱਗੀ ਹੈ। ਬਰਾਮਦ 'ਚ ਕਮੀ ਦਾ ਇਹ ਵੀ ਇਕ ਮੁੱਖ ਕਾਰਨ ਹੈ।
