FPIs ਵੱਲੋਂ ਇੰਨੀ ਵਿਕਵਾਲੀ, ਈਰਾਨ-US ਦੀ ਤੱਲਖੀ ਹੋਰ ਵਧਾ ਸਕਦੀ ਹੈ ਟੈਂਸ਼ਨ

01/05/2020 11:54:48 AM

ਨਵੀਂ ਦਿੱਲੀ— ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ. ਪੀ. ਆਈ.) ਨੇ ਸਾਲ 2020 ਮੁਨਾਫਾ ਵਸੂਲੀ ਨਾਲ ਸ਼ੁਰੂ ਕੀਤਾ ਹੈ। ਜਨਵਰੀ ਦੇ ਪਹਿਲੇ ਤਿੰਨ ਕਾਰੋਬਾਰੀ ਇਜਲਾਸਾਂ 'ਚ ਐੱਫ. ਪੀ. ਆਈਜ਼. ਨੇ ਭਾਰਤੀ ਪੂੰਜੀ ਬਾਜ਼ਾਰ 'ਚੋਂ 2,418 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ।
 

ਤਾਜ਼ਾ ਡਿਪਾਜ਼ਿਟਰੀ ਡਾਟਾ ਮੁਤਾਬਕ, ਜਨਵਰੀ 1-3 ਵਿਚਕਾਰ ਵਿਦੇਸ਼ੀ ਨਿਵੇਸ਼ਕਾਂ ਨੇ 524.91 ਕਰੋੜ ਇਕੁਇਟੀ 'ਚੋਂ ਤੇ 1,893.66 ਕਰੋੜ ਰੁਪਏ ਬਾਂਡ ਬਾਜ਼ਾਰ 'ਚੋਂ ਬਾਹਰ ਕੱਢੇ ਹਨ, ਯਾਨੀ ਕੁੱਲ ਮਿਲਾ ਕੇ ਪਹਿਲੇ ਤਿੰਨ ਕਾਰੋਬਾਰੀ ਸੈਸ਼ਨਾਂ 'ਚ 2,418.57 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਸਾਲ 2019 'ਚ ਐੱਫ. ਪੀ. ਆਈ. ਦਾ ਸ਼ੁੱਧ ਨਿਵੇਸ਼ 73,276.63 ਕਰੋੜ ਰੁਪਏ (ਇਕੁਇਟੀ ਤੇ ਬਾਂਡ ਦੋਹਾਂ 'ਚ) ਰਿਹਾ। ਜਨਵਰੀ, ਜੁਲਾਈ ਤੇ ਅਗਸਤ ਨੂੰ ਛੱਡ ਕੇ ਸਾਲ ਦੇ ਬਾਕੀ ਮਹੀਨਿਆਂ 'ਚ ਐੱਫ. ਪੀ. ਆਈ. ਸ਼ੁੱਧ ਖਰੀਦਦਾਰ ਸਨ। ਮਾਹਰਾਂ ਦਾ ਕਹਿਣਾ ਹੈ ਕਿ ਫਰਵਰੀ 'ਚ ਬਜਟ ਤੋਂ ਪਹਿਲਾਂ ਨਿਵੇਸ਼ਕ ਵੱਡੀ ਮਾਤਰਾ 'ਚ ਖਰੀਦਦਾਰੀ ਨੂੰ ਸੰਭਵ ਕਰਨ ਲਈ ਵਿਕਵਾਲੀ ਕਰ ਰਹੇ ਹਨ। ਇਸ ਤੋਂ ਇਲਾਵਾ ਭੂ-ਰਾਜਨੀਤਕ ਗਰਮਾ-ਗਰਮੀ ਤੇ ਭਾਰਤ ਦੀ ਸੁਸਤ ਹੋ ਰਹੀ ਇਕਨੋਮਿਕ ਰਫਤਾਰ ਵੀ ਵਿਕਵਾਲੀ ਦਾ ਇਕ ਕਾਰਨ ਹੈ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਈਰਾਨ ਤੇ ਯੂ. ਐੱਸ. ਵਿਚਕਾਰ ਤੱਲਖੀ ਹੋਰ ਵਧਦੀ ਹੈ ਤਾਂ ਐੱਫ. ਪੀ. ਆਈ. ਦਾ ਰੁਝਾਨ ਸੁਸਤ ਹੋ ਸਕਦਾ ਹੈ, ਯਾਨੀ ਇਸ ਨਾਲ ਬਾਜ਼ਾਰ 'ਚ ਹੋਰ ਗਿਰਾਵਟ ਹੋ ਸਕਦੀ ਹੈ।