COVID-19: FPIs ਨੇ ਅਪ੍ਰੈਲ 'ਚ ਹੁਣ ਤੱਕ ਭਾਰਤੀ ਬਾਜ਼ਾਰ 'ਚੋਂ 10,347 ਕਰੋੜ ਰੁ: ਕੱਢੇ

04/26/2020 3:24:28 PM

ਨਵੀਂ ਦਿੱਲੀ— ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਵਧਣ ਕਾਰਨ ਵਿਦੇਸ਼ੀ ਨਿਵੇਸ਼ਕਾਂ ਨੇ ਅਪ੍ਰੈਲ 'ਚ ਭਾਰਤੀ ਪੂੰਜੀ ਬਾਜ਼ਾਰਾਂ 'ਚੋਂ ਹੁਣ ਤੱਕ 10,347 ਕਰੋੜ ਰੁਪਏ ਕਢਵਾ ਲਏ ਹਨ। ਪਹਿਲੀ ਅਪ੍ਰੈਲ ਤੋਂ 24 ਤਰੀਕ ਵਿਚਕਾਰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਇਕੁਇਟੀ 'ਚੋਂ 6,822 ਕਰੋੜ ਰੁਪਏ ਅਤੇ ਬਾਂਡ ਬਾਜ਼ਾਰ 'ਚੋਂ 3,525 ਕਰੋੜ ਰੁਪਏ ਕੱਢੇ ਹਨ। ਇਸ ਤਰ੍ਹਾਂ ਕੁੱਲ ਮਿਲਾ ਕੇ 10,347 ਕਰੋੜ ਰੁਪਏ ਦੀ ਨਿਕਾਸੀ ਕੀਤੀ ਗਈ ਹੈ।

ਹਾਲਾਂਕਿ, ਮਾਰਚ 'ਚ ਹੋਈ ਨਿਕਾਸੀ ਤੋਂ ਇਹ ਕਾਫੀ ਘੱਟ ਹੈ। ਵਿਦੇਸ਼ੀ ਨਿਵੇਸ਼ਕਾਂ ਨੇ ਮਾਰਚ ਦੌਰਾਨ ਰਿਕਾਰਡ 1.1 ਲੱਖ ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ। ਸਰਕਾਰ ਤੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਸਮੇਂ-ਸਮੇਂ ਸਿਰ ਚੁੱਕੇ ਗਏ ਕਦਮਾਂ ਦੀ ਵਜ੍ਹਾ ਨਾਲ ਨਿਵੇਸ਼ਕਾਂ ਦੀ ਵਿਕਵਾਲੀ ਘੱਟ ਹੋਈ ਹੈ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਨਿਵੇਸ਼ਕਾਂ ਦੀ ਧਾਰਨਾ ਨਾਕਾਰਾਤਮਕ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਉੱਭਰ ਰਹੇ ਬਾਜ਼ਾਰਾਂ ਨੂੰ ਨਿਵੇਸ਼ ਲਈ ਜੋਖਮ ਭਰਪੂਰ ਮੰਨਿਆ ਜਾਂਦਾ ਹੈ ਅਤੇ ਇਸ ਦੇ ਸੰਕਟ ਵੱਲ ਜਾਣ ਵਧੇਰੇ ਸੰਭਾਵਨਾ ਹੈ। ਇਸ ਮਾਹੌਲ 'ਚ ਵਿਦੇਸ਼ੀ ਨਿਵੇਸ਼ਕ ਸੁਰੱਖਿਅਤ ਨਿਵੇਸ਼ ਦੇ ਤਰੀਕਿਆਂ ਜਿਵੇਂ ਕਿ ਡਾਲਰ ਅਤੇ ਸੋਨੇ ਵੱਲ ਜਾਂਦੇ ਹਨ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਹਾਲਾਂਕਿ, ਮਾਰਚ ਨਾਲੋਂ ਸ਼ੁੱਧ ਨਿਕਾਸੀ ਦੀ ਮਾਤਰਾ 'ਚ ਆਈ ਗਿਰਾਵਟ ਇਕ ਸਕਾਰਾਤਮਕ ਸੰਕੇਤ ਹੈ ਪਰ ਇਸ ਰੁਝਾਨ ਨੂੰ ਹਾਂ-ਪੱਖੀ ਮੰਨਣਾ ਜਲਦਬਾਜ਼ੀ ਹੋਵੇਗਾ।
ਮੋਰਨਿੰਗਸਟਾਰ ਇੰਡੀਆ ਦੇ ਸੀਨੀਅਰ ਵਿਸ਼ਲੇਸ਼ਕ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਜਿੱਥੋਂ ਤੱਕ ਕੋਵਿਡ-19 ਮਹਾਂਮਾਰੀ ਦੀ ਗੱਲ ਹੈ, ਦ੍ਰਿਸ਼ ਬਹੁਤ ਗੰਭੀਰ ਹੈ। ਵਿਸ਼ਵ ਆਰਥਿਕ ਮੰਦੀ ਤੇ ਕੋਰੋਨਾ ਵਾਇਰਸ ਵਿਰੁੱਧ ਇਕ ਲੰਮੀ ਲੜਾਈ ਲੜ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਸ਼ਵ ਪੱਧਰੀ ਆਰਥਿਕਤਾ, ਕਾਰੋਬਾਰਾਂ ਅਤੇ ਬਾਜ਼ਾਰ ਨੂੰ ਇਸ ਦਾ ਕਿੰਨਾ ਨੁਕਸਾਨ ਹੋ ਸਕਦਾ ਹੈ ਇਸ ਦੀ ਅਜੇ ਸਹੀ ਢੰਗ ਨਾਲ ਗਣਨਾ ਨਹੀਂ ਕੀਤੀ ਜਾ ਸਕਦੀ।


Sanjeev

Content Editor

Related News