ਵਿਦੇਸ਼ੀ ਨਿਵੇਸ਼ਕਾਂ ਨੇ ਲਾਈ ਰੌਣਕ, 6 ਦਿਨਾਂ 'ਚ ਨਿਵੇਸ਼ ਕੀਤੇ 5,300 ਕਰੋੜ

02/10/2019 3:50:43 PM

ਮੁੰਬਈ— ਵਿਦੇਸ਼ੀ ਨਿਵੇਸ਼ਕਾਂ ਨੇ ਪਿਛਲੇ ਛੇ ਕਾਰੋਬਾਰੀ ਦਿਨਾਂ ਦੌਰਾਨ ਭਾਰਤੀ ਸ਼ੇਅਰ ਬਾਜ਼ਾਰ 'ਚ ਤਕਰੀਬਨ 5,300 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਨਿਵੇਸ਼ਕਾਂ ਨੇ ਆਰਥਿਕ ਵਿਕਾਸ ਦਰ ਉੱਚੀ ਰਹਿਣ ਦੀ ਉਮੀਦ ਦੇ ਮੱਦੇਨਜ਼ਰ ਇਹ ਰੁਖ਼ ਅਪਣਾਇਆ। 
ਇਸ ਤੋਂ ਪਹਿਲਾਂ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਜਨਵਰੀ ਮਹੀਨੇ 'ਚ ਸ਼ੇਅਰ ਬਾਜ਼ਾਰ 'ਚੋਂ 5,264 ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ। ਉੱਥੇ ਹੀ ਬੀਤੇ ਸਾਲ ਦੀ ਗੱਲ ਕਰੀਏ ਤਾਂ ਨਵੰਬਰ-ਦਸੰਬਰ ਦੌਰਾਨ ਉਨ੍ਹਾਂ ਨੇ ਸ਼ੇਅਰ ਬਾਜ਼ਾਰ 'ਚ 5,884 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।

ਡਾਟਾ ਮੁਤਾਬਕ, ਐੱਫ. ਪੀ. ਆਈ. ਨੇ 1 ਤੋਂ 8 ਫਰਵਰੀ ਦੌਰਾਨ ਸਟਾਕ ਮਾਰਕੀਟ 'ਚ 5,273 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਕਰਜ਼ ਬਾਜ਼ਾਰ 'ਚੋਂ 2,795 ਕਰੋੜ ਰੁਪਏ ਦੀ ਨਿਕਾਸੀ ਵੀ ਕੀਤੀ। ਵਿਸ਼ਲੇਸ਼ਕਾਂ ਨੇ ਕਿਹਾ ਕਿ ਜਨਵਰੀ 'ਚ ਸ਼ੁੱਧ ਰੂਪ ਨਾਲ ਵਿਕਵਾਲੀ ਦੇ ਬਾਅਦ ਫਰਵਰੀ 'ਚ ਵਿਦੇਸ਼ੀ ਨਿਵੇਸ਼ਕ ਹੁਣ ਤਕ ਖਰੀਦਦਾਰ ਬਣੇ ਹੋਏ ਹਨ। ਇਹ ਇਕ ਸਵਾਗਤਯੋਗ ਕਦਮ ਹੈ। ਹਾਲਾਂਕਿ ਅਜੇ ਮਹੀਨਾ ਸ਼ੁਰੂ ਹੀ ਹੋਇਆ ਹੈ ਅਤੇ ਅਜਿਹੇ 'ਚ ਨਿਵੇਸ਼ਕਾਂ ਦਾ ਰੁਖ ਕਿਸ ਤਰ੍ਹਾਂ ਦਾ ਹੋਵੇਗਾ ਇਹ ਕਹਿਣਾ ਜਲਦਬਾਜ਼ੀ ਹੋਵੇਗਾ। ਬਾਜ਼ਾਰ ਮਾਹਰਾਂ ਦਾ ਮੰਨਣਾ ਹੈ ਕਿ ਹਾਲ ਹੀ 'ਚ ਹੋਏ ਭਾਰੀ ਨਿਵੇਸ਼ ਦੇ ਬਾਵਜੂਦ ਨਿਵੇਸ਼ਕ ਸਾਵਧਾਨੀ ਵਰਤਣਗੇ।
ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ 'ਇੰਤਜ਼ਾਰ ਕਰੋ ਅਤੇ ਦੇਖੋ' ਦੀ ਰਣਨੀਤੀ ਅਪਣਾ ਸਕਦੇ ਹਨ। ਉਹ ਵਿਕਾਸ ਦਰ ਤੇ ਲੋਕ ਸਭਾ ਚੋਣਾਂ ਵਰਗੇ ਮੁੱਦਿਆਂ 'ਤੇ ਧਿਆਨ ਦੇਣਾ ਜਾਰੀ ਰੱਖਣਗੇ। ਇਸ ਦੇ ਇਲਾਵਾ, ਕੱਚੇ ਤੇਲ ਦੀਆਂ ਕੀਮਤਾਂ, ਰੁਪਏ ਦੀ ਚਾਲ ਅਤੇ ਕੌਮਾਂਤਰੀ ਮੋਰਚੇ 'ਤੇ ਵਪਾਰਕ ਚਿੰਤਾਵਾਂ ਨਾਲ ਵੀ ਐੱਫ. ਪੀ. ਆਈ. ਨਿਵੇਸ਼ ਨੂੰ ਦਿਸ਼ਾ ਮਿਲੇਗੀ।