ਵਿਦੇਸ਼ੀ ਨਿਵੇਸ਼ਕਾਂ ਨੇ ਜੂਨ ''ਚ ਹੁਣ ਤੱਕ ਭਾਰਤੀ ਬਾਜ਼ਾਰਾਂ ''ਚ ਕੀਤਾ ਇੰਨਾ ਨਿਵੇਸ਼

06/20/2021 2:21:58 PM

ਨਵੀਂ ਦਿੱਲੀ- ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਜੂਨ ਵਿਚ ਹੁਣ ਤੱਕ ਭਾਰਤੀ ਬਾਜ਼ਾਰਾਂ ਵਿਚ ਸ਼ੁੱਧ ਰੂਪ ਨਾਲ 13,667 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਭਾਰਤੀ ਸ਼ੇਅਰ ਬਾਜ਼ਾਰ ਐੱਫ. ਪੀ. ਆਈ. ਲਈ ਆਕਰਸ਼ਤ ਬਣੇ ਹੋਏ ਹਨ। ਹਾਲਾਂਕਿ, ਇਸ ਹਫ਼ਤੇ ਐੱਫ. ਪੀ. ਆਈ. ਨੇ ਨਿਕਾਸੀ ਕੀਤੀ ਹੈ।

ਡਿਪਾਜ਼ਟਰੀ ਅੰਕੜਿਆਂ ਅਨੁਸਾਰ, ਐੱਫ. ਪੀ. ਆਈ.  ਨੇ 1 ਤੋਂ 18 ਜੂਨ ਦੌਰਾਨ 15,312 ਕਰੋੜ ਰੁਪਏ ਇਕੁਇਟੀ ਵਿਚ ਲਗਾਏ ਹਨ। ਇਸ ਦੌਰਾਨ ਉਨ੍ਹਾਂ ਡੇਟ ਜਾਂ ਬਾਂਡ ਬਾਜ਼ਾਰ ਵਿਚੋਂ 1,645 ਕਰੋੜ ਰੁਪਏ ਦੀ ਨਿਕਾਸੀ ਕੀਤੀ। ਇਸ ਤਰ੍ਹਾਂ ਉਨ੍ਹਾਂ ਦਾ ਸ਼ੁੱਧ ਨਿਵੇਸ਼ 13,667 ਕਰੋੜ ਰੁਪਏ ਰਿਹਾ। ਇਸ ਤੋਂ ਪਹਿਲਾਂ ਐੱਫ. ਪੀ. ਆਈ. ਨੇ ਮਈ ਵਿਚ 2,666 ਕਰੋੜ ਰੁਪਏ ਅਤੇ ਅਪ੍ਰੈਲ ਵਿੱਚ 9,435 ਕਰੋੜ ਰੁਪਏ ਨਿਕਾਸੀ ਕੀਤੀ ਸੀ।

ਗ੍ਰੋ ਦੇ ਸਹਿ-ਸੰਸਥਾਪਕ ਹਰਸ਼ ਜੈਨ ਨੇ ਕਿਹਾ, ''ਯੂ. ਐੱਸ. ਫੈਡਰਲ ਰਿਜ਼ਰਵ ਨੇ ਸੰਕੇਤ ਦਿੱਤਾ ਹੈ ਕਿ ਉਹ 2023 ਤੋਂ ਵਿਆਜ ਦਰਾਂ ਵਿਚ ਵਾਧਾ ਸ਼ੁਰੂ ਕਰੇਗਾ। ਇਸ ਨਾਲ ਗਲੋਬਲ ਪੱਧਰ 'ਤੇ ਵਿਕਵਾਲੀ ਦਾ ਸਿਲਸਿਲਾ ਚਲਿਆ। ਇਸੇ ਵਜ੍ਹਾ ਨਾਲ ਭਾਰਤੀ ਸ਼ੇਅਰਾਂ ਤੋਂ ਵੀ ਕੁਝ ਨਿਕਾਸੀ ਦੇਖਣ ਨੂੰ ਮਿਲੀ।" ਜਿਯੋਜੀਤ ਫਾਈਨੈਂਸ਼ਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ. ਕੇ. ਵਿਜੇ ਕੁਮਾਰ ਨੇ ਕਿਹਾ, ''ਰੁਪਏ ਵਿਚ ਗਿਰਾਵਟ ਦੀ ਵਜ੍ਹਾ ਨਾਲ ਆਈ. ਟੀ. ਸ਼ੇਅਰਾਂ ਵਿਚ ਵਧੀ ਹੋਈ ਖ਼ਰੀਦਦਾਰੀ ਦੇਖਣ ਨੂੰ ਮਿਲ ਰਹੀ ਹੈ।'' ਮਾਰਨਿੰਗਸਟਾਰ ਇੰਡੀਆ ਦੇ ਐਸੋਸੀਏਟ ਨਿਰਦੇਸ਼ਕ-ਪ੍ਰਬੰਧਕ ਰਿਸਰਚ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ, ''ਅਮਰੀਕੀ ਕੇਂਦਰੀ ਬੈਂਕ ਨੇ ਵਿਆਜ ਦਰਾਂ ਵਿਚ ਪਹਿਲਾਂ ਤੋਂ ਲਾਏ ਗਏ ਅਨੁਮਾਨ ਤੋਂ ਕਿਤੇ ਜਲਦ ਵਾਧੇ ਦਾ ਸੰਕੇਤ ਦਿੱਤਾ ਹੈ। ਇਸ ਨਾਲ ਭਾਰਤੀ ਬਾਂਡ ਬਾਜ਼ਾਰ ਵਿਚ ਨਿਵੇਸ਼ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।'' 

Sanjeev

This news is Content Editor Sanjeev