PNB ਘਪਲੇ ਤੋਂ ਘਬਰਾਏ ਵਿਦੇਸ਼ੀ ਨਿਵੇਸ਼ਕ

02/26/2018 2:36:11 AM

ਨਵੀਂ ਦਿੱਲੀ-ਕੌਮਾਂਤਰੀ ਸੰਕੇਤਾਂ ਅਤੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਘਪਲੇ ਦੇ ਅਸਰ ਨਾਲ ਵਿਦੇਸ਼ੀ ਨਿਵੇਸ਼ਕ ਘਬਰਾ ਗਏ ਹਨ ਅਤੇ ਉਨ੍ਹਾਂ ਇਸ ਮਹੀਨੇ ਹੁਣ ਤੱਕ ਸ਼ੇਅਰ ਬਾਜ਼ਾਰਾਂ ਤੋਂ ਕਰੀਬ 10 ਹਜ਼ਾਰ ਕਰੋੜ ਰੁਪਏ ਯਾਨੀ 1.5 ਅਰਬ ਡਾਲਰ ਦੀ ਨਿਕਾਸੀ ਕੀਤੀ ਹੈ। ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ ਨੇ 14 ਫਰਵਰੀ ਨੂੰ ਗਹਿਣਾ ਕਾਰੋਬਾਰੀਆਂ ਨੀਰਵ ਮੋਦੀ ਤੇ ਮੇਹੁਲ ਚੋਕਸੀ ਸਮੂਹ ਦੀਆਂ ਕੰਪਨੀਆਂ ਵੱਲੋਂ ਬੈਂਕ ਨੇ ਧੋਖਾਦੇਹੀ ਦਾ ਖੁਲਾਸਾ ਕੀਤਾ ਸੀ।
 ਡਿਪਾਜ਼ਿਟਰੀ ਦੇ ਤਾਜ਼ਾ ਅੰਕੜਿਆਂ ਅਨੁਸਾਰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ 1 ਤੋਂ 23 ਫਰਵਰੀ ਦੇ ਵਿਚਾਲੇ ਕੁਲ 9,899 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਕਰਜ਼ਾ ਬਾਜ਼ਾਰ 'ਚ 1,500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਜਨਵਰੀ 'ਚ ਐੱਫ. ਪੀ. ਆਈ. ਨੇ 13,780 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਆਨਲਾਈਨ ਨਿਵੇਸ਼ ਮੰਚ 'ਗ੍ਰੋਅ' ਦੇ ਸਹਿ-ਬਾਨੀ ਅਤੇ ਮੁੱਖ ਸੰਚਾਲਨ ਅਧਿਕਾਰੀ ਹਰਸ਼ ਜੈਨ ਨੇ ਕਿਹਾ, ''ਜਨਵਰੀ 'ਚ ਅਮਰੀਕਾ 'ਚ ਬੇਰੋਜ਼ਗਾਰੀ ਦਰ 17 ਦੇ ਹੇਠਲੇ ਪੱਧਰ 4.1 ਫ਼ੀਸਦੀ 'ਤੇ ਰਹੀ। ਇਸ ਤੋਂ ਇਲਾਵਾ ਇਸ ਗੱਲ ਦਾ ਵੀ ਕਾਫ਼ੀ ਸ਼ੱਕ ਹੈ ਕਿ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਫੈਡਰਲ ਰਿਜ਼ਰਵ ਵਿਆਜ ਦਰ ਵਧਾ ਸਕਦਾ ਹੈ। ਅਸੀਂ ਕੌਮਾਂਤਰੀ ਪੱਧਰ 'ਤੇ ਵਿਕਰੀ ਵੇਖੀ ਹੈ। ਭਾਰਤੀ ਬਾਜ਼ਾਰ ਤੋਂ ਐੱਫ. ਪੀ. ਆਈ. ਦੀ ਨਿਕਾਸੀ ਦੇ ਕਾਰਨ ਇਹੀ ਹਨ।
ਵਿਦੇਸ਼ੀ ਕਰੰਸੀ ਭੰਡਾਰ 1.96 ਅਰਬ ਡਾਲਰ ਵਧਿਆ 
ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 16 ਫਰਵਰੀ ਨੂੰ ਖ਼ਤਮ ਹਫ਼ਤੇ 'ਚ 1.96 ਅਰਬ ਡਾਲਰ ਵਧ ਕੇ 421.72 ਅਰਬ ਡਾਲਰ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ 9 ਫਰਵਰੀ ਨੂੰ ਖ਼ਤਮ ਹਫ਼ਤੇ 'ਚ ਇਹ 2.15 ਅਰਬ ਡਾਲਰ ਘਟ ਕੇ 419.76 ਅਰਬ ਡਾਲਰ 'ਤੇ ਰਿਹਾ ਸੀ।
ਰਿਜ਼ਰਵ ਬੈਂਕ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਵਿਦੇਸ਼ੀ ਕਰੰਸੀ ਭੰਡਾਰ ਦਾ ਸਭ ਤੋਂ ਵੱਡਾ ਸਰੋਤ ਵਿਦੇਸ਼ੀ ਕਰੰਸੀ ਜਾਇਦਾਦ 16 ਫਰਵਰੀ ਨੂੰ ਖ਼ਤਮ ਹਫ਼ਤੇ 'ਚ 1.93 ਅਰਬ ਡਾਲਰ ਵਧ ਕੇ 396.57 ਅਰਬ ਡਾਲਰ 'ਤੇ ਪਹੁੰਚ ਗਿਆ। ਸੋਨਾ ਭੰਡਾਰ 21.51 ਅਰਬ ਡਾਲਰ 'ਤੇ ਸਥਿਰ ਰਿਹਾ। ਬੀਤੇ ਹਫ਼ਤੇ 'ਚ ਇੰਟਰਨੈਸ਼ਨਲ ਮੋਨੇਟਰੀ ਫੰਡ ਦੇ ਕੋਲ ਰਾਖਵੀਂ ਰਾਸ਼ੀ 2.17 ਕਰੋੜ ਡਾਲਰ ਵਧ ਕੇ 2.09 ਅਰਬ ਡਾਲਰ ਅਤੇ ਵਿਸ਼ੇਸ਼ ਨਿਕਾਸੀ ਅਧਿਕਾਰ 1.30 ਕਰੋੜ ਡਾਲਰ ਦੇ ਵਾਧੇ ਨਾਲ 1.55 ਅਰਬ ਡਾਲਰ 'ਤੇ ਰਿਹਾ।