ਭਾਰਤ ''ਚ ਵਿਦੇਸ਼ੀ ਨਿਵੇਸ਼ ਦੀ ਘਾਟ, FDI ''ਚ 26 ਫੀਸਦੀ ਦੀ ਗਿਰਾਵਟ

01/23/2022 11:28:27 AM

ਨਵੀਂ ਦਿੱਲੀ- 2021 'ਚ ਦੇਸ਼ 'ਚ ਵਿਦੇਸ਼ੀ ਨਿਵੇਸ਼ 'ਚ ਘਾਟ ਆਈ ਹੈ। ਸੰਯੁਕਤ ਰਾਸ਼ਟਰ ਦੀ ਕਾਰੋਬਾਰ ਸਬੰਧੀ ਸੰਸਥਾ ਨੇ ਕਿਹਾ ਹੈ ਕਿ 2021 'ਚ ਭਾਰਤ 'ਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) 26 ਫੀਸਦੀ ਘੱਟ ਰਿਹਾ ਹੈ। ਵਿਦੇਸ਼ੀ ਨਿਵੇਸ਼ 'ਚ ਆਈ ਕਮੀ ਦੀ ਵੱਡੀ ਵਜ੍ਹਾ ਇਹ ਹੈ ਕਿ 2020 ਦੇ ਸਮਾਨ 2021 'ਚ ਵੱਡੇ ਰਲੇਵੇਂ ਅਤੇ ਐਕਵਾਇਰ ਦੇ ਸੌਦੇ ਨਹੀਂ ਵੇਖੇ ਗਏ। ਸੰਯੁਕਤ ਰਾਸ਼ਟਰ ਵਪਾਰ ਅਤੇ ਵਿਕਾਸ ਸੰਮੇਲਨ (ਯੂ. ਐੱਨ. ਸੀ. ਟੀ. ਏ. ਡੀ.) ਦੇ ਨਿਵੇਸ਼ ਰੁਝੇਵੇਂ ਮਾਨਿਟਰ ਮੁਤਾਬਕ ਭਾਰਤ 'ਚ ਐੱਫ. ਡੀ. ਆਈ. ਪ੍ਰਵਾਹ 26 ਫੀਸਦੀ ਘੱਟ ਰਿਹਾ ਕਿਉਂਕਿ 2020 'ਚ ਜੋ ਐੱਮ ਐਂਡ ਏ ਸੌਦੇ ਹੋਏ ਸਨ, ਉਹ 2021 'ਚ ਨਹੀਂ ਹੋਏ। ਭਾਰਤ 'ਚ 2020 'ਚ ਐੱਫ. ਡੀ. ਆਈ. 27 ਫੀਸਦੀ ਵਧ ਕੇ 64 ਅਰਬ ਡਾਲਰ ਰਿਹਾ ਸੀ, ਜੋ 2019 'ਚ 51 ਅਰਬ ਡਾਲਰ ਸੀ। ਰਿਪੋਰਟ 'ਚ ਕਿਹਾ ਗਿਆ ਕਿ ‘ਕੋਵਿਡ-19’ ਦੀ ਦੂਜੀ ਲਹਿਰ ਦਾ ਭਾਰਤ ਦੀ ਆਰਥਿਕ ਗਤੀਵਿਧੀਆਂ ਉੱਤੇ ਬਹੁਤ ਅਸਰ ਰਿਹਾ ਅਤੇ ਅਪ੍ਰੈਲ 2021 'ਚ ਦੂਜੀ ਲਹਿਰ ਕਾਰਨ ਭਾਰਤ 'ਚ ਗਰੀਨ ਫਿਲਡ ਯੋਜਨਾਵਾਂ 19 ਫੀਸਦੀ ਸਿਕੁੜਨ ਨਾਲ 24 ਅਰਬ ਡਾਲਰ ਹੋ ਗਈਆਂ।
ਪ੍ਰਤੱਖ ਵਿਦੇਸ਼ੀ ਨਿਵੇਸ਼ 77 ਫੀਸਦੀ ਵਧਿਆ
ਰਿਪੋਰਟ ਮੁਤਾਬਕ 2021 'ਚ ਕੌਮਾਂਤਰੀ ਪ੍ਰਤੱਖ ਵਿਦੇਸ਼ੀ ਨਿਵੇਸ਼ 77 ਫੀਸਦੀ ਵਧ ਕੇ ‘ਕੋਵਿਡ-19’ ਤੋਂ ਪਹਿਲਾਂ ਦੇ ਪੱਧਰ ਤੋਂ ਵੀ ਜ਼ਿਆਦਾ ਅਨੁਮਾਨਿਤ 1650 ਅਰਬ ਡਾਲਰ ਤੱਕ ਪਹੁੰਚ ਗਿਆ, ਜੋ 2020 'ਚ 929 ਅਰਬ ਡਾਲਰ ਸੀ। ਯੂ. ਐੱਨ. ਸੀ. ਟੀ. ਏ. ਡੀ. ਦੀ ਜਨਰਲ ਸੈਕਟਰੀ ਰੇਬੇਕਾ ਗਰਿੰਸਪਨ ਨੇ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ 'ਚ ਨਿਵੇਸ਼ ਪ੍ਰਵਾਹ ਉਤਸ਼ਾਹਜਨਕ ਹੈ ਪਰ ਹੇਠਲੇ ਵਿਕਸਿਤ ਦੇਸ਼ਾਂ 'ਚ ਉਦਯੋਗਾਂ 'ਚ ਨਵੇਂ ਨਿਵੇਸ਼ 'ਚ ਠਹਿਰਾਅ ਚਿੰਤਾ ਦਾ ਪ੍ਰਮੁੱਖ ਵਿਸ਼ਾ ਹੈ। ਵਿਕਸਿਤ ਅਰਥਵਿਵਸਥਾਵਾਂ 'ਚ ਐੱਫ. ਡੀ. ਆਈ. 'ਚ ਹੁਣ ਤੱਕ ਦਾ ਸਭ ਤੋਂ ਵੱਡਾ ਉਛਾਲ ਆਇਆ ਹੈ ਅਤੇ ਇੱਥੇ ਐੱਫ. ਡੀ. ਆਈ. 2021 'ਚ ਅਨੁਮਾਨਿਤ 777 ਅਰਬ ਡਾਲਰ ਪਹੁੰਚ ਗਿਆ, ਜੋ 2020 ਦੇ ਮੁਕਾਬਲੇ ਤਿੰਨ ਗੁਣਾ ਹੈ।
ਅਮਰੀਕਾ 'ਚ ਐੱਫ. ਡੀ. ਆਈ. 'ਚ 114 ਫੀਸਦੀ ਵਾਧਾ
ਵਿਕਾਸਸ਼ੀਲ ਅਰਥਵਿਵਸਥਾਵਾਂ 'ਚ ਐੱਫ. ਡੀ. ਆਈ. ਪ੍ਰਵਾਹ 30 ਫੀਸਦੀ ਵਾਧੇ ਨਾਲ ਕਰੀਬ 870 ਅਰਬ ਡਾਲਰ ਹੋ ਗਿਆ, ਜਦੋਂਕਿ ਦੱਖਣੀ ਏਸ਼ੀਆ 'ਚ ਇਹ 24 ਫੀਸਦੀ ਡਿੱਗ ਕੇ 2021 'ਚ 54 ਅਰਬ ਡਾਲਰ ਰਿਹਾ। ਅਮਰੀਕਾ 'ਚ ਐੱਫ. ਡੀ. ਆਈ. 114 ਫੀਸਦੀ ਵਾਧੇ ਨਾਲ 323 ਅਰਬ ਡਾਲਰ ਪਹੁੰਚ ਗਿਆ। ਯੂ. ਐੱਨ. ਸੀ. ਟੀ. ਏ. ਡੀ. 'ਚ ਨਿਵੇਸ਼ ਅਤੇ ਉਦਮ ਨਿਰਦੇਸ਼ਕ ਜੇਮਸ ਝਾਨ ਨੇ ਕਿਹਾ, ਵਿਨਿਰਮਾਣ ਅਤੇ ਕੌਮਾਂਤਰੀ ਮੁੱਲ ਲੜੀ (ਜੀ. ਵੀ. ਸੀ.) 'ਚ ਨਵੇਂ ਨਿਵੇਸ਼ ਦਾ ਪੱਧਰ ਘੱਟ ਰਿਹਾ ਕਿਉਂਕਿ ਦੁਨੀਆ ਕੌਮਾਂਤਰੀ ਮਹਾਮਾਰੀ ਨਾਲ ਜੂਝ ਰਹੀ ਸੀ ਅਤੇ ਇਸ ਦਾ ਦੂਜਾ ਕਾਰਨ ਸੀ ਭੂਰਾਜਨੀਤਕ ਤਣਾਅ ਵਧਣਾ।

Aarti dhillon

This news is Content Editor Aarti dhillon