ਵਿਦੇਸ਼ੀ ਕਰੰਸੀ ਭੰਡਾਰ 466 ਅਰਬ ਡਾਲਰ ਤੋਂ ਪਾਰ

02/01/2020 1:18:04 AM

ਮੁੰਬਈ(ਯੂ. ਐੱਨ. ਆਈ.)-ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ ਲਗਾਤਾਰ 18ਵੇਂ ਹਫਤੇ ਵਧਦਾ ਹੋਇਆ 24 ਜਨਵਰੀ ਨੂੰ ਖਤਮ ਹਫਤੇ ’ਚ ਪਹਿਲੀ ਵਾਰ 466 ਅਰਬ ਡਾਲਰ ਤੋਂ ਪਾਰ ਪਹੁੰਚ ਗਿਆ। ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਜਾਰੀ ਅੰਕੜਿਆਂ ਅਨੁਸਾਰ 24 ਜਨਵਰੀ ਨੂੰ ਖਤਮ ਹਫਤੇ ’ਚ ਵਿਦੇਸ਼ੀ ਕਰੰਸੀ ਭੰਡਾਰ 4.54 ਅਰਬ ਡਾਲਰ ਵਧ ਕੇ 466.69 ਅਰਬ ਡਾਲਰ ਦੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਇਹ ਲਗਾਤਾਰ 18ਵਾਂ ਹਫਤਾ ਹੈ, ਜਦੋਂ ਦੇਸ਼ ਦੇ ਵਿਦੇਸ਼ੀ ਕਰੰਸੀ ਭੰਡਾਰ ’ਚ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ 17 ਜਨਵਰੀ ਨੂੰ ਖਤਮ ਹਫਤੇ ’ਚ ਇਹ 94.3 ਕਰੋਡ਼ ਡਾਲਰ ਵਧ ਕੇ 462.16 ਅਰਬ ਡਾਲਰ ’ਤੇ ਰਿਹਾ ਸੀ।

ਕੇਂਦਰੀ ਬੈਂਕ ਅਨੁਸਾਰ 24 ਜਨਵਰੀ ਨੂੰ ਖਤਮ ਹਫਤੇ ’ਚ ਵਿਦੇਸ਼ੀ ਕਰੰਸੀ ਭੰਡਾਰ ਦੇ ਸਭ ਤੋਂ ਵੱਡੇ ਸ੍ਰੋਤ ਵਿਦੇਸ਼ੀ ਕਰੰਸੀ ਜਾਇਦਾਦ ’ਚ 4.47 ਅਰਬ ਡਾਲਰ ਦਾ ਵਾਧਾ ਹੋਇਆ ਅਤੇ ਇਹ 432.92 ਅਰਬ ਡਾਲਰ ’ਤੇ ਪਹੁੰਚ ਗਈ। ਹਫਤੇ ਦੌਰਾਨ ਆਰ. ਬੀ. ਆਈ. ਨੇ ਸੋਨੇ ਦੀ ਖਰੀਦ ਕੀਤੀ, ਜਿਸ ਨਾਲ ਸੋਨਾ ਭੰਡਾਰ ਵੀ 15.30 ਕਰੋਡ਼ ਡਾਲਰ ਵਧ ਕੇ 28.72 ਅਰਬ ਡਾਲਰ ਦਾ ਹੋ ਗਿਆ। ਸਮੀਖਿਆ ਅਧੀਨ ਹਫਤੇ ’ਚ ਕੌਮਾਂਤਰੀ ਕਰੰਸੀ ਫੰਡ ਕੋਲ ਰਾਖਵੀਂ ਪੂੰਜੀ 8.5 ਕਰੋਡ਼ ਡਾਲਰ ਘਟ ਕੇ 3.62 ਅਰਬ ਡਾਲਰ ਅਤੇ ਵਿਸ਼ੇਸ਼ ਨਿਕਾਸੀ ਹੱਕ 30 ਲੱਖ ਡਾਲਰ ਦੀ ਗਿਰਾਵਟ ਨਾਲ 1.44 ਅਰਬ ਡਾਲਰ ਰਹਿ ਗਿਆ।

Karan Kumar

This news is Content Editor Karan Kumar