5230 ਕਰੋਡ਼ ’ਚ ਹੈਥਵੇ ਤੇ ਡੈਨ ’ਚ ਹਿੱਸੇਦਾਰੀ ਖਰੀਦਣਗੇ ਮੁਕੇਸ਼ ਅੰਬਾਨੀ

10/18/2018 1:31:21 AM

ਮੁੰਬਈ-ਰਿਲਾਇੰਸ ਇੰਡਸਟਰੀਜ਼ 5230 ਕਰੋਡ਼ ਰੁਪਏ ’ਚ ਡੈਨ ਨੈੱਟਵਰਕ ਅਤੇ ਹੈਥਵੇ ਕੇਬਲ ’ਚ ਹਿੱਸੇਦਾਰੀ ਖਰੀਦਣ ਜਾ ਰਹੀ ਹੈ।  ਕੰਪਨੀ ਡੈਨ ’ਚ 66 ਫੀਸਦੀ ਹਿੱਸੇਦਾਰੀ ਖਰੀਦਣ ਲਈ 2045 ਕਰੋਡ਼ ਰੁਪਏ ਦਾ ਨਿਵੇਸ਼ ਪ੍ਰੈਫਰੈਂਸ਼ਲ ਇਸ਼ੂ   ਜ਼ਰੀਏ ਕਰੇਗੀ,  ਜਦਕਿ 245 ਕਰੋਡ਼ ਰੁਪਏ  ਦੇ ਨਿਵੇਸ਼ ਨਾਲ ਕੰਪਨੀ  ਦੇ ਪ੍ਰਮੋਟਰਾਂ ਵੱਲੋਂ ਸ਼ੇਅਰ ਖਰੀਦੇ ਜਾਣਗੇ।  ਇਸੇ ਤਰ੍ਹਾਂ ਹੈਥਵੇ ਕੇਬਲ ’ਚ 51.3 ਫੀਸਦੀ ਹਿੱਸੇ ਦੀ ਖਰੀਦਦਾਰੀ 2940 ਕਰੋਡ਼ ਰੁਪਏ  ਦੇ ਨਿਵੇਸ਼ ਨਾਲ ਪ੍ਰੈਫਰੈਂਸ਼ਲ ਇਸ਼ੂ  ਜ਼ਰੀਏ ਕੀਤੀ ਜਾਵੇਗੀ। 

ਰਿਲਾਇੰਸ ਇੰਡਸਟਰੀਜ਼ ਦਾ ਮੁਨਾਫਾ 17.5 ਫੀਸਦੀ ਉਛਲਿਅਾ
ਪੈਟਰੋਲੀਅਮ,  ਦੂਰਸੰਚਾਰ ਅਤੇ ਰਿਟੇਲ ਸਮੇਤ ਵੱਖ-ਵੱਖ ਖੇਤਰਾਂ ’ਚ ਕਾਰੋਬਾਰ ਕਰਨ ਵਾਲੀ ਦੇਸ਼ ਦੀ ਸਭ ਤੋਂ ਵੱਡੀ ਨਿੱਜੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਚਾਲੂ ਵਿੱਤ ਸਾਲ ਦੀ ਦੂਜੀ ਤਿਮਾਹੀ ’ਚ 9516 ਕਰੋਡ਼ ਰੁਪਏ ਦਾ ਸ਼ੁੱਧ ਮੁਨਾਫਾ ਕਮਾਇਆ ਹੈ, ਜੋ ਪਿਛਲੇ ਵਿੱਤ ਸਾਲ ਦੀ ਇਸੇ ਮਿਆਦ  ਦੇ 8109 ਕਰੋਡ਼ ਰੁਪਏ  ਦੇ ਮੁਨਾਫੇ ਦੇ ਮੁਕਾਬਲੇ 17.5 ਫੀਸਦੀ ਜ਼ਿਆਦਾ ਹੈ।  ਇਹ ਐਲਾਨ ਮੁਕੇਸ਼ ਅੰਬਾਨੀ ਨੇ ਨਿਰਦੇਸ਼ਕ ਮੰਡਲ ਦੀ ਬੈਠਕ ਦੌਰਾਨ ਕੀਤਾ।  ਉਨ੍ਹਾਂ ਕਿਹਾ ਕਿ 30 ਸਤੰਬਰ ਨੂੰ ਖਤਮ ਇਸੇ ਤਿਮਾਹੀ ’ਚ ਕੰਪਨੀ ਦਾ ਕੁਲ ਕਾਰੋਬਾਰ 54.5 ਫੀਸਦੀ ਉਛਲ ਕੇ 1,56,291 ਕਰੋਡ਼ ਰੁਪਏ ’ਤੇ ਪਹੁੰਚ ਗਿਆ ਹੈ।  ਵਿੱਤ ਸਾਲ 2017-18 ਦੀ ਦੂਜੀ ਤਿਮਾਹੀ ’ਚ ਇਹ 1,01,169 ਕਰੋਡ਼ ਰੁਪਏ ਰਿਹਾ ਸੀ। 

ਜਿਓ ਨੇ 681 ਕਰੋਡ਼ ਰੁਪਏ ਦਾ ਸ਼ੁੱਧ ਮੁਨਾਫਾ ਕੀਤਾ ਅਰਜਿਤ
ਉਨ੍ਹਾਂ ਨੇ ਆਪਣੀ ਦੂਰਸੰਚਾਰ ਕੰਪਨੀ ਰਿਲਾਇੰਸ ਜਿਓ  ਦੀ ਪੇਸ਼ਕਸ਼ ਦੀ ਚਰਚਾ ਕਰਦੇ ਹੋਏ ਕਿਹਾ ਕਿ ਦੂਜੀ ਤਿਮਾਹੀ ’ਚ ਜਿਓ ਨੇ 681 ਕਰੋਡ਼ ਰੁਪਏ ਦਾ ਸ਼ੁੱਧ ਮੁਨਾਫਾ ਅਰਜਿਤ ਕੀਤਾ ਹੈ।  ਇਸੇ ਤਿਮਾਹੀ ’ਚ ਪਹਿਲੀ ਵਾਰ ਕੰਪਨੀ ਨੇ 10,000 ਕਰੋਡ਼ ਰੁਪਏ  ਦੇ ਮਾਲੀਏ ਦੇ ਪੱਧਰ ਨੂੰ ਪਾਰ ਕੀਤਾ।  30 ਸਤੰਬਰ ਨੂੰ ਖਤਮ ਤਿਮਾਹੀ ’ਚ ਕੰਪਨੀ  ਦੇ ਗਾਹਕਾਂ ਦੀ ਗਿਣਤੀ ਵਧ ਕੇ 25 ਕਰੋਡ਼  ਦੇ ਪਾਰ ਪਹੁੰਚ ਗਈ।